ਦਸਮੇਸ਼ ਪਿਤਾ ਦਾ ਚਮਕੌਰ ਦੀ ਗੜ੍ਹੀ ‘ਚ ਭਾਈ ਸੰਗਤ ਸਿੰਘ ਜੀ ਨੂੰ ਆਪਣਾ ਰੂਪ ਬਣਾਉਣਾ

Bhai Sangat Singh Ji : ਬਾਬਾ ਸੰਗਤ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਵਿਖੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਚਾਰ ਮਹੀਨੇ ਬਾਅਦ 25 ਅਪ੍ਰੈਲ 1667 ਈ. ਨੂੰ ਭਾਈ ਰਣੀਏ ਜੀ ਦੇ ਘਰ ਬੀਬੀ ਅਮਰੋ ਜੀ ਦੀ ਕੁੱਖੋਂ ਹੋਇਆ। ਬਾਬਾ ਸੰਗਤ ਸਿੰਘ ਦਾ ਮੁੱਢਲਾ ਜੀਵਨ ਪਟਨਾ ਸ਼ਹਿਰ ਵਿਚ ਦਸਮੇਸ਼ ਪਿਤਾ ਜੀ ਨਾਲ ਹੱਸ-ਖੇਡ ਕੇ ਅਤੇ ਬਾਲ-ਲੀਲ੍ਹਾ ਦੇ ਕੌਤਕ ਦੇਖਦਿਆਂ ਗੁਜ਼ਰਿਆ। ਦਸਮੇਸ਼ ਪਿਤਾ ਜੀ ਨਾਲ ਰਹਿ ਕੇ ਭਾਈ ਸੰਗਤੇ ਨੇ ਸ਼ਸਤਰ ਵਿੱਦਿਆ, ਨਿਸ਼ਾਨੇਬਾਜ਼ੀ, ਨੇਜੇਬਾਜ਼ੀ ਅਤੇ ਘੋੜਿਆਂ ਦੀਆਂ ਦੌੜਾਂ ਵਿਚ ਵਿਸ਼ੇਸ਼ ਮੁਹਾਰਤ ਹਾਸਲ ਕੀਤੀ।

Bhai Sangat Singh Ji

30 ਮਾਰਚ 1699 ਨੂੰ ਜਾਤ-ਪਾਤ ਦੀ ਭਾਵਨਾ ਨੂੰ ਮੂਲੋਂ ਹੀ ਖ਼ਤਮ ਕਰ ਕੇ ਦਸਮੇਸ਼ ਪਿਤਾ ਜੀ ਨੇ ਸੰਗਤਾਂ ਨੂੰ ਖੰਡੇ-ਬਾਟੇ ਦਾ ਅੰਮ੍ਰਿਤ ਛਕਾਇਆ ਤਾਂ ਭਾਈ ਸੰਗਤ ਸਿੰਘ ਅਤੇ ਉਸਦੇ ਸਾਥੀਆਂ, ਭਾਈ ਮਦਨ ਸਿੰਘ, ਭਾਈ ਕਾਠਾ ਸਿੰਘ, ਭਾਈ ਰਾਮ ਸਿੰਘ ਨੇ ਕਲਗੀਧਰ ਪਿਤਾ ਤੋਂ ਅੰਮ੍ਰਿਤਪਾਨ ਕੀਤਾ ਅਤੇ ਬਾਅਦ ਵਿਚ ਗੁਰੂ ਸਾਹਿਬ ਜੀ ਨੇ ਭਾਈ ਸੰਗਤ ਸਿੰਘ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਪ੍ਰਚਾਰਨ ਲਈ ਮਾਲਵੇ ਦਾ ਸਿੱਖੀ ਪ੍ਰਚਾਰਕ ਨਿਯੁਕਤ ਕੀਤਾ। ਚਮਕੌਰ ਦੀ ਜੰਗ ਤੋਂ ਪਹਿਲਾਂ ਭਾਈ ਸੰਗਤ ਸਿੰਘ ਨੇ ਬੱਸੀ ਕਲਾਂ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਨਾਲ ਬ੍ਰਾਹਮਣੀ ਛੁਡਾ ਕੇ ਲਿਆਉਣ, ਭੰਗਾਣੀ ਦੀ ਜੰਗ, ਅਗੰਮਪੁਰੇ ਦੀ ਜੰਗ, ਸਰਸਾ ਦੀ ਜੰਗ ਵਿਚ ਆਪਣੀ ਬਹਾਦਰੀ ਦੇ ਜੌਹਰ ਦਿਖਾਏ। ਦਸਮੇਸ਼ ਪਿਤਾ ਜੀ ਜਦੋਂ ਅਨੰਦਗੜ੍ਹ ਦਾ ਕਿਲ੍ਹਾ ਛੱਡ ਕੇ ਚਮਕੌਰ ਸਾਹਿਬ ਪਹੁੰਚੇ ਤਾਂ ਦੁਸ਼ਮਣ ਵੀ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਉਥੇ ਆ ਪਹੁੰਚੇ। ਦੁਸ਼ਮਣਾਂ ਦੀ ਫੌਜ ਨੇ ਚਾਰੇ ਪਾਸਿਓਂ ਘੇਰਾ ਪਾ ਲਿਆ ਅਤੇ ਗੁਰੂ ਸਾਹਿਬ ਦੇ ਸਿੱਖਾਂ ਤੇ ਮੁਗਲ ਫੌਜ ਦੀ ਚਮਕੌਰ ਵਿਚ ਬੜੀ ਭਾਰੀ ਜੰਗ ਹੋਈ, ਜਿਸ ਵਿੱਚ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ। ਬਾਕੀ ਬਚੇ 11 ਸਿੰਘਾਂ ਨੇ ਆਪਸ ਵਿੱਚ ਰਲ ਮਤਾ ਪਾਸ ਕੀਤਾ ਕੀ ਗੁਰੂ ਸਾਹਿਬ ਜੀ ਇੱਥੋਂ ਸੁਰੱਖਿਅਤ ਨਿਕਲ ਜਾਣ ਕਿਉਂਕਿ ਉਹ ਜਾਣਦੇ ਸਨ ਕਿ ਇਸ ਮੁਸ਼ਕਲ ਸਮੇਂ ਵਿਚ ਸਿੱਖ ਕੌਮ ਨੂੰ ਗੁਰੂ ਸਾਹਿਬ ਜੀ ਦੀ ਅਗਵਾਈ ਦੀ ਬਹੁਤ ਜ਼ਰੂਰਤ ਹੈ। ਇਸ ਲਈ ਸਿੰਘਾਂ ਨੇ ਪੰਜ ਪਿਆਰੇ ਚੁਣ ਕੇ ਗੁਰੂ ਸਾਹਿਬ ਜੀ ਨੂੰ ਚਮਕੌਰ ਦੀ ਗੜ੍ਹੀ ਛੱਡ ਜਾਣ ਦਾ ਹੁਕਮ ਦਿੱਤਾ।

Bhai Sangat Singh Ji
Bhai Sangat Singh Ji

ਗੁਰੂ ਸਾਹਿਬ ਜੀ ਨੇ ਵੀ ਖਾਲਸੇ ਨੂੰ ਗੁਰੂ ਰੂਪ ਜਾਣ ਕੇ ਗੜ੍ਹੀ ਛੱਡ ਜਾਣ ਦਾ ਹੁਕਮ ਮੰਨਦੇ ਹੋਏ ਆਪਣੀ ਜਗ੍ਹਾ ਬਾਬਾ ਸੰਗਤ ਸਿੰਘ ਜੀ ਦੇ ਸ਼ੀਸ਼ ’ਤੇ ਕਲਗੀ ਅਤੇ ਪੌਸ਼ਾਕ ਸਜਾ ਕੇ ਖਾਲਸੇ ਨੂੰ ਗੁਰੂਤਾ ਬਖਸ਼ ਦਿੱਤੀ। ਬਾਬਾ ਸੰਗਤ ਸਿੰਘ ਦੀ ਸ਼ਕਲ-ਸੂਰਤ ਗੁਰੂ ਸਾਹਿਬ ਜੀ ਨਾਲ ਮਿਲਦੀ ਸੀ। ਮੁਗ਼ਲਾਂ ਨੇ ਦੁਬਾਰਾ ਚਮਕੌਰ ਦੀ ਗੜ੍ਹੀ ਉਤੇ ਹਮਲਾ ਕੀਤਾ ਕਿਉਂਕਿ ਬਾਬਾ ਜੀ ਦੇ ਪਹਿਨੀ ਹੋਈ ਗੁਰੂ ਸਾਹਿਬ ਵਾਲੀ ਪੌਸ਼ਾਕ ਮੁਗਲਾਂ ਨੂੰ ਗੁਰੂ ਸਾਹਿਬ ਦਾ ਵਾਰ-ਵਾਰ ਭੁਲੇਖਾ ਪਾਉਂਦੀ ਸੀ। ਬਾਬਾ ਸੰਗਤ ਸਿੰਘ ਜੀ ਦੀ ਅਗਵਾਈ ਹੇਠ ਸਿੰਘਾਂ ਨੇ ਬੜੀ ਬਹਾਦਰੀ ਅਤੇ ਦਲੇਰੀ ਨਾਲ ਦੁਸ਼ਮਣ ਫੌਜ ਦਾ ਮੁਕਾਬਲਾ ਕੀਤਾ। ਬਾਬਾ ਸੰਗਤ ਸਿੰਘ ਨੇ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਤੀਰਾਂ ਨਾਲ ਦੁਸ਼ਮਣਾਂ ਨੂੰ ਧੂੜ ਚਟਾ ਦਿੱਤੀ। ਜ਼ਖਮੀ ਹਾਲਤ ਵਿੱਚ ਵੀ ਬਾਬਾ ਜੀ ਅੰਤ ਸਮੇਂ ਤਕ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਗਜਾਉਂਦੇ ਹੋਏ ਸ਼ਹਾਦਤ ਪ੍ਰਾਪਤ ਕਰ ਕੇ ਸਦਾ ਲਈ ਗੁਰੂ-ਚਰਨਾਂ ਵਿਚ ਜਾ ਬਿਰਾਜੇ।

Source link

Leave a Reply

Your email address will not be published. Required fields are marked *