ਕਿਸੇ ਸਮੇਂ ਹੋਇਆ ਸੀ “ਖੁਸ਼ਹੈਸੀਅਤੀ ਟੈਕਸ” ਵਿਰੁੱਧ ਸੰਘਰਸ਼! | ਪੰਜਾਬੀ ਅਖ਼ਬਾਰ | Australia & New Zealand Punjbai News

ਸਾਨੂੰ ਭਾਰਤ ਦੀ ਵਿਭਿੰਨਤਾ ਅਤੇ ਸੱਭਿਆਚਾਰ ਨੂੰ ਬਚਾਉਣ ਲਈ ਸਭ ਤੋਂ ਪਹਿਲਾਂ ਕਿਸਾਨ ਨੂੰ ਬਚਾਉਣਾ ਪਵੇਗਾ। ਅਸੀ ਦੇਖ ਰਹੇ ਹਾਂ ਦਿੱਲੀ ਦੇ ਬਾਰਡਰਾ ਤੇ ਤਕਰੀਬਨ 100 ਦਿਨ ਤੋਂ ਉੱਪਰ ਬੈਠੇ  ਅੰਦੋਲਨ ਕਰ ਰਹੇ ਕਿਸਾਨ ਅਤੇ ਉਨ੍ਹਾਂ ਦਾ ਸਬਰ, ਸੰਤੋਖ ਤੇ ਸਹਿਣਸ਼ੀਲਤਾ, ਨਾਲ ਹੀ ਅਸੀ ਦੇਖ ਰਹੇ ਹਾਂ ਦਿੱਲੀ ਦੇ ਬਾਰਡਰਾ ਤੇ ਹਰ ਦਿਨ ਕਿਸਾਨਾਂ ਦੀਆ ਸ਼ਹੀਦੀਆਂ, ਲਗਭਗ 200 ਤੋਂ ਉੱਪਰ ਕਿਸਾਨ, ਮਜਦੂਰ, ਤੇ ਅੰਦੋਲਨ ਨਾਲ ਜੁੜੇ ਮਰਦ  ਤੇ ਔਰਤਾਂ ਸ਼ਹੀਦੀਆਂ ਪਾਅ ਚੁੱਕੇ ਹਨ। ਅੱਜ ਹਰ ਇਕ ਨਿਗ੍ਹਾ ਕਿਸਾਨ ਅੰਦੋਲਨ ਤੇ ਹੈ ਦੇਸ਼ਾ , ਵਿਦੇਸ਼ਾ ਤੇ ਹਰ ਤਬਕੇ ਦੇ ਲੋਕ ਇਸ ਕਿਸਾਨ ਅੰਦੋਲਨ ਨੂੰ ਬਹੁਤ ਗੌਂਹ ਨਾਲ ਦੇਖ ਰਹੇ ਹਨ, ਪ੍ਰੰਤੂ ਬੇਹੱਦ ਹੇਰਾਨੀ ਦੀ ਗੱਲ ਹੈ ਕਿ ਕੇਂਦਰ ਸਰਕਾਰ ਵੱਲੋ ਲਾਗੂ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਖੁੱਲੇ  ਅਸਮਾਨ ਹੇਠਾਂ ਬੈਠੇ ਕਿਸਾਨ, ਮਜਦੂਰ, ਬੀਬੀਆਂ ਤੇ ਬੱਚੇ ਕੇਂਦਰ ਸਰਕਾਰ ਨੂੰ ਕਿਉਂ ਨਜਰ ਨਹੀਂ ਆ ਰਹੇ ?

ਖੇਤੀ ਕਾਨੂੰਨ ਦੇ ਨੀਤੀਘਾੜਿਆਂ ਤੇ ਮਾਹਿਰਾਂ ਦੇ ਧਿਆਨ ਚ ਇਹ ਗੱਲ ਆਉਣੀ ਬੇਹੱਦ ਜਰੂਰੀ ਹੈ, ਤੇ ਉਨ੍ਹਾਂ ਨੂੰ ਸਮਜ ਲੈਣਾ ਚਾਹੀਦਾ ਹੈ  ਕਿ  ਖੇਤੀ ਤੇ ਖੁਰਾਕ ਪਦਾਰਥ  ਕਾਰਪੋਰੇਟਾ ਦੇ ਹੱਥ ਦੇ ਵਿਚ ਚਲੇ ਜਾਣ ਨਾਲ ਉਹ ਦਿਨ ਦੁਰ ਨਹੀਂ ਜਦੋ ਦੇਸ਼ ਦਾ ਇਕ ਵੱਡਾ ਵਰਗ ਭੁੱਖਮਰੀ ਦਾ ਸ਼ਿਕਾਰ  ਹੋ ਜਾਵੇਗਾ। ਹੁਣ ਦੇਸ਼ ਦੇ ਹਰ ਵਰਗ ਦੇ ਲੋਕਾ ਨੂੰ ਚੰਗੀ ਤਰਾਂ ਜਾਣ, ਸਮਜ ਲੈਣਾ ਚਾਹੀਦਾ ਹੈ, ਕਿ  ਇਹ ਖੇਤੀ ਕਾਨੂੰਨ ਸਿਰਫ ਕਿਸਾਨਾਂ ਦੇ ਖ਼ਿਲਾਫ਼  ਹੀ ਨਹੀਂ, ਬਲਕਿ ਹਰ ਉਸ ਵਰਗ ਦੇ  ਖ਼ਿਲਾਫ਼ ਹਨ, ਜੋ ਦੋ ਵਕਤ ਦੀ  ਰੋਟੀ ਖ਼ਾਤਰ ਆਪਣੇ ਜੀਵਨ ‘ਚ ਸੰਘਰਸ਼ ਕਰ ਰਹੇ ਹਨ। ਇਸ ਖੇਤੀ ਕਾਨੂੰਨ ਨਾਲ ਸਮੁੱਚੀ ਖੇਤੀ ਤੇ ਖੁਰਾਕ ਪਦਾਰਥ  ਕਾਰਪੋਰੇਟਾ ਦੇ ਹੱਥ ਦੇ ਵਿਚ ਚਲੇ ਜਾਣ ਨਾਲ ਜਨਤਕ ਵੰਡ ਪ੍ਰਣਾਲੀ ਤੇ ਭਾਰੀ ਅਸਰ ਹੋ ਸਕਦਾ ਹੈ, ਜਿਸ ਰਾਹੀਂ ਦੇਸ਼ ਦੀ ਇਕ ਵੱਡੀ ਆਬਾਦੀ ਨੂੰ ਮਿਲ ਰਹੇ ਸਸਤੇ ਰਾਸ਼ਨ ਤੋਂ ਵਾਜੇ ਹੋਣਾ ਪਵੇਗਾ ਅਤੇ ਮਹਿੰਗਾਈ ਦਰ ਵਧਣ ਨਾਲ ਕਰੋੜਾਂ ਲੋਕ ਭੁੱਖਮਰੀ ਦੇ ਸ਼ਿਕਾਰ ਹੋਣਗੇ। 

ਕਿਸਾਨਾ, ਮਜਦੂਰਾਂ ਦਾ ਜੀਵਨ ਤਾਂ ਮੁੱਡ ਤੋਂ ਹੀ ਸੰਘਰਸ਼ੀ ਰਿਹਾ ਹੈ  ਤੇ ਇਤਿਹਾਸ ਗ਼ਵਾਹ ਹੈ ਕਿ ਹਰ ਸੰਘਰਸ਼ ਵਿਚ ਜਿੱਤ ਕਿਸਾਨ ਦੀ ਹੀ ਹੋਈ ਹੈ। ਇਕ ਸਮੇਂ ਪੰਜਾਬ ਵਿੱਚ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਵੱਲੋਂ 1959 ਵਿੱਚ ਕਿਸਾਨਾ ਤੇ ਇਕ “ਖੁਸ਼ਹੈਸੀਅਤੀ ਟੈਕਸ” ਲਗਾ ਦਿੱਤਾ ਗਿਆ ਸੀ। ਕਿਸਾਨਾਂ ਨੇ ਪੰਜਾਬ ਸਰਕਾਰ ਦੁਆਰਾ ਲਗਾਏ ਇਸ ਖੁਸ਼ਹੈਸੀਅਤੀ ਟੈਕਸ ਵਿਰੁੱਧ ਸੰਘਰਸ਼ ਸ਼ੁਰੂ ਕਰ ਦਿੱਤਾ , ਜੋ ਕਿ 21 ਜਨਵਰੀ 1959 ਨੂੰ ਸ਼ੁਰੂ ਹੋਇਆ ਸੀ । ਇਸ ਸੰਘਰਸ਼ ਵਿਚ ਔਰਤਾਂ ਸਮੇਤ ਕਿਸਾਨਾਂ ਨੇ ਸ਼ਹੀਦੀ ਵੀ ਪ੍ਰਾਪਤ ਕੀਤੀ ਸਨ। ਉਸ ਸਮੇਂ ਕਿਸਾਨ ਸਭਾਵਾਂ ਨੇ ਇਕਜੁਟ ਹੋ ਸਰਕਾਰ ਖ਼ਿਲਾਫ਼  ਕਿਸਾਨ ਅੰਦੋਲਨ ਆਰੰਭ ਕਰ ਦਿਤਾ। ਕਿਸਾਨਾਂ ਤੇ ਲਗਾਏ  ਖੁਸ਼ਹੈਸੀਅਤੀ ਟੈਕਸ ਵਿਰੁੱਧ ਅੰਦੋਲਨ ਅੱਗੇ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਨੂੰ ਝੁਕਣਾ ਪਿਆ ਤੇ ਖੁਸ਼ਹੈਸੀਅਤੀ ਟੈਕਸ ਰੱਦ ਕਰਨਾ ਪਿਆ ਅਤੇ ਸਰਕਾਰ ਦੇ ਇਸ ਖੁਸ਼ਹੈਸੀਅਤੀ ਟੈਕਸ ਕਾਨੂੰਨ ਵਾਪਸ ਲੈਣ ਨਾਲ 22 ਮਾਰਚ 1959 ਨੂੰ ਕਿਸਾਨਾਂ ਵੱਲੋ ਅੰਦੋਲਨ  ਸਮਾਪਤ ਕਰ ਦਿੱਤਾ ਗਿਆ ਸੀ। 

ਅੱਜ ਦਿੱਲੀ ਦੇ ਬਾਰਡਰਾ ਤੇ ਮੌਜੂਦਾ ਕਿਸਾਨ ਅੰਦੋਲਨ ਦੀ ਕਾਮਯਾਬੀ ਇਹ ਦਰਸਾਉਂਦੀ ਹੈ ਕਿ ਕੇਂਦਰ ਸਰਕਾਰ ਵੱਲੋ  ਲਗਾਏ ਇਹ ਤਿੰਨ ਖੇਤੀ ਕਾਨੂੰਨਾਂ ਰੱਦ ਕਵਾਉਣ ਤੋਂ ਬਗ਼ੈਰ ਕਿਸਾਨ ਘਰ ਵਾਪਸੀ ਨਹੀਂ ਕਰਨਗੇ। ਹੁਣ ਤੱਕ ਅਲੱਗ -ਅਲੱਗ ਝੰਡੇਆ ਨਾਲ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨ, ਮਜਦੂਰਾਂ ਨਾਲ ਹੁਣ ਦੇਸ਼ ਦੇ ਅਲੱਗ -ਅਲੱਗ ਵਰਗਾ ਦੇ ਲੋਕ ਵੀ ਜੁੜਦੇ ਜਾਅ ਰਹੇ ਹਨ ਜੋ ਕਿ ਰੋਸ ਵਜੋਂ  ਕਾਲੇ ਝੰਡੇ ਹੱਥ ਵਿੱਚ ਲੈ ਕੇ ਕੇਂਦਰ ਸਰਕਾਰ ਦੀ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰ ਰਹੇ ਹਨ। ਆਪਣੇ-ਆਪਣੇ ਢੰਗ  ਨਾਲ ਹਰ ਵਰਗ ਦੇ ਲੋਕ ਕੇਂਦਰ ਸਰਕਾਰ ਦੇ  ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਚ ਹਿਸਾ ਪਾ ਰਹੇ ਹਨ। ਇਕ ਨਾ ਇਕ ਦਿਨ ਲੋਕ ਰੋਹ ਅੱਗੇ ਝੁਕਦਿਆਂ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣੇ ਹੀ ਪੈਣਗੇ।

(ਹਰਮਨਪ੍ਰੀਤ ਸਿੰਘ) +91 9855010005; harmansabi1@gmail.com

Source link

Leave a Reply

Your email address will not be published. Required fields are marked *