ਯਾਦਾਂ ਦੀ ਯਾਦਗਾਰ – ਮੋਰਨੀ ਹਿੱਲਜ

ਸੁਖਨੈਬ ਸਿੰਘ ਸਿੱਧੂ

‘ਭਾਈ ਕਿਹਾ ਚਾਹੀਏ ‘ 20 -25 ਫੁੱਟ ਦੂਰ ਤਿੰਨ ਚਾਰ ਜਣੇ ਖੜ੍ਹੇ ਸੀ । ਉਹਨਾ ‘ਚੋਂ ਇੱਕ ਨੇ ਆਵਾਜ਼ ਮਾਰੀ ।

ਮੈਂ ਏਟੀਐਮ ਮਸ਼ੀਨ ਕੋਲੋਂ ਨਿਕਲ ਕੇ ਨੇੜਲੀ ਦੁਕਾਨ ‘ਚ ਵੜ ਗਿਆ ਸੀ , ਜਿੱਥੇ ਗੂਗਲ ਪੇ ਲਿਖਿਆ ਸੀ । ਉਹਨਾ ਨੂੰ ਮੈਂ ਆਪਣੀ ਦੁਬਿਧਾ ਵਾਲੀ ਕਹਾਣੀ ਸੁਣਾ ਰਿਹਾ ਸੀ , ਦੁਕਾਨ ਵਾਲੀ ਕੁੜੀ ਕਹਿੰਦੀ ਪੈਸੇ ਤਾਂ ਦੇ ਦਿੰਦੇ ਪਰ ਫੋਨ ਮੇਰੇ ਭਰਾ ਕੋਲ ਹੈ, ਉਹ ਇੱਥੇ ਨਹੀਂ ।

‘ਉਨਸੇ ਮਿਲੋ , ਕਹਿਕੇ ਉਹਨੇ ਵੀ ਜਿੱਧਰੋਂ ਆਵਾਜ਼ ਆਈ ਸੀ ਉੱਧਰ ਨੂੰ ਭੇਜ ਦਿੱਤਾ।

ਆਵਾਜ਼ ਮਾਰਨ ਮੁੰਡੇ ਨੇ ਫਿਰ ਪੁੱਛਿਆ, ‘ਕਿਆ ਚਾਹੀਏ ?’

ਕੈਸ਼ ਚਾਹੀਦਾ , ਏਟੀਐਮ ਚੱਲਦਾ ਨਹੀਂ । ਕਿਥੋਂ ਮਿਲ ਸਕਦਾ । ‘ ਮੈਂ ਆਪਣੀ ਸਿੱਧੀ ਕਹਾਣੀ ਪਾ ਦਿੱਤੀ ।

ਕਿਤਨਾ – ?

ਤਿੰਨ -ਚਾਰ ਹਜ਼ਾਰ ਮਿਲਜੇ ।

ਉਹਨੇ ਦੂਜੇ ਪਾਸੇ ਮੂੰਹ ਕਰਕੇ ਕਿਸੇ ਹੋਰ ਦੁਕਾਨ ਵਾਲੇ ਨੂੰ ਹੁਕਮਰਾਨ ਲਹਿਜ਼ੇ ‘ਚ ਵਾਜ ਮਾਰਤੀ,’ ਰਿਤੇਸ਼ ਭਾਈ , ਕੈਸ਼ ਦੇ ਦੋ ਸਾਹਬ ਕੋ ।’

ਮੈਂ ਦੋ ਪਲਾਗਾਂ ਭਰ ਕੇ ਦੁਕਾਨ ਵਾਲੇ ਕੋਲ ਗਿਆ। ਉਹਦਾ ਵੀ ਉਹੀ ਸਵਾਲ,’ ਕਿਤਨਾ ਚਾਹੀਏ । ‘

ਮੈਂ ਕਿਹਾ , ਤਿੰਨ-ਚਾਰ ਹਜ਼ਾਰ ਦੇ ਦੋ

ਹਰੀਸ਼ ਕਹਿੰਦਾ ,’ 2000 ਦੇ ਸਕਦਾ ।’

ਮੈਂ ਕਿਹਾ ਠੀਕ ,

ਉਹ ਕਹਿੰਦਾ ਗੂਗਲ ਪੇ ਜਾਂ ਪੇਟੀਐਮ ਕਰਦੋ

ਨੈੱਟਵਰਕ ਦਾ ਪੰਗਾ ਸੀ , ਵੈਸੇ ਪੰਗਾ ਤਾਂ ਦਿਨ ਚੜਦੇ ਈ ਪੈ ਗਿਆ ਸੀ । ਨੈੱਟ ਚੱਲੇ ਨਾ ।

ਦੁਕਾਨ ਵਾਲਾ ਕਹਿੰਦਾ ਪੀਐਨਬੀ ਦਾ ਕਾਰਡ ਹੈਗਾ ਤਾਂ ਏਟੀਐਮ ਵਿੱਚੋਂ ਟਰਾਂਸਫਰ ਹੋ ਜਾਣੇ । ਮੈਨੂੰ ਉਹਦਾ ਵੀ ਹਿਸਾਬ ਨਹੀਂ ਸੀ ।

ਆਵਾਜ਼ ਮਾਰਨ ਕਹਿੰਦਾ ਲਿਆਓ , ‘ ਆਪਾਂ ਕਰ ਲੈਂਦੇ ।’ ਉਹਨਾ ਦਾ ਨੰਬਰ ਲੈ ਕੇ ਪੈਸੇ ਟਰਾਂਸਫਰ ਕਰਨ ਲੱਗੇ ਨੇ ਪੁੱਛਿਆ , ਕਿੰਨੇ ਕਰਾਂ,?

ਕਹਿੰਦਾ 2000

ਮੈਂ ਕਿਹਾ , ‘ ਤੁਹਾਡੇ ਚਾਰਜ ?’

ਕਹਿੰਦਾ , ‘ ਇਹ ਲੋਕ ਸੇਵਾ , ਤੁਹਾਡਾ ਕੰਮ ਸਰ ਜਾਵੇ, ਪਹਾੜਾਂ ‘ਚ ਹੋਰ ਏਟੀਐਮ ਨੇੜੇ ਨਹੀਂ ।’

ਉਹਨਾ ਨੇ ਪੈਸੇ ਦੇਤੇ , ਬਦਲੇ ‘ਚ ਮੈਂ ਧੰਨਵਾਦ ਕੀਤਾ ।

ਇਹ ਵਾਕਿਆ ਐਤਵਾਰ ਨੂੰ ਮੋਰਨੀ ਕਸਬੇ ‘ਚ ਵਾਪਰਿਆ ਜਿੱਥੇ ਇੱਕਲੌਤਾ ਏਟੀਐਮ ਚੱਲ ਨਹੀਂ ਰਿਹਾ ਸੀ ।

ਮੋਰਨੀ ਹਿੱਲਜ , ਹਰਿਆਣਾ ਦਾ ਚੰਡੀਗੜ੍ਹ ਨਾਲ ਲੱਗਦਾ ਖੂਬਸੂਰਤ ਪਹਾੜੀ ਇਲਾਕਾ ਹੈ।

ਅਸੀਂ ਸਵੇਰੇ ਘਰੋਂ ਬਿਨਾ ਸੋਚੇ ਸਮਝੇ ਤੁਰ ਪਏ। ਤੇਲ ਕਾਰਡ ਤੋਂ ਪਵਾ ਲਿਆ । 3000-3500 ਕੈਸ਼ ਸੀ । ਰਸਤੇ ਵਿੱਚ ਕੁਝ ਖਾਣਾ ਪੀਣ ਤੇ ਲੱਗ ਗਿਆ । ਅਕਸਰ ਮੈਂ ਨੈੱਟ ਬੈਕਿੰਗ ਜਾਂ ਆਨਲਾਈਨ ਟਰਾਂਸਫਰ ਹੀ ਕਰਦਾ । ਨਕਦ- ਨਾਮਾਂ ਘੱਟ ਹੀਂ ਹੁੰਦਾ ।

ਰਸਤੇ ‘ਸ਼ਰਮਾ ਜੀ’ ਕੋਲੋਂ ਚਾਹ ਪੀਣ ਲੱਗੇ ਤੇ ਉਹਨਾ ਨੇ ਦੱਸਿਆ ਇੱਥੇ ਤਾਂ ਕੈਸ਼ ਚੱਲਦਾ , ਨੈਟ-ਨੂੰਟ ਨਹੀਂ ਚੱਲਦਾ , ਫੋਨ ਜੀਓ ਤੇ ਬੀਐਸਐਨਐਲ ਦੇ ਚੱਲਦੇ ।

ਟੀਕਰੀ ਤਾਲ (ਟੀਕਰੀ ਲੇਕ ) ‘ਤੇ ਪਹੁੰਚੇ ਤਾਂ ਇੱਥੇ ਝੀਲ ਤੇ ਹਰਿਆਣਾ ਟੂਰਿਜ਼ਮ ਕਾਰਪੋਰੋਸ਼ਨ ਦਾ ਗੈਸਟ ਹਾਊਸ ਬਣਿਆ ਹੋਇਆ । ਉੱਥੇ ਝੀਲ ‘ਤੇ ਲੋਕਾਂ ਦੇ ਮੇਲਾ ਲੱਗਿਆ ਪਿਆ ਸੀ 500-700 ਵਿਅਕਤੀ ਫਿਰਦੇ ਸਨ। ਮੈਨੇਜਰ ਕੋਲ ਗੱਲ ਸੁਣਨ ਦਾ ਸਮਾਂ ਨਹੀਂ ਸੀ ।

ਕਮਰਾ ਉਹਨੇ ਦੇਤਾ , ਪੈਸੇ ਕੈਸ਼ ਲੈ ਲਏ । ਮੇਰੇ ਕੋਲ ਥੋੜੇ ਰਹਿਗੇ । ਪੁੱਛਿਆ ਏ ਟੀ ਐਮ ਕਿੱਥੇ ?

9 ਕਿਲੋਮੀਟਰ ਅੱਗੇ ਪਹਾੜੀ ‘ਤੇ ਮੋਰਨੀ ‘ਚ , ਤਾਂ ਉੱਥੇ ਗੇੜਾ ਲੱਗਿਆ।

ਜਦੋਂ ਵਾਪਸ ਆਏ , ਕਾਰ ਪਾਰਕ ਕਰਨ ਲੱਗੇ ਤਾਂ ਇੱਕ ਹਰਿਆਣਾ ਪੁਲੀਸ ਵਾਲਾ ਕਹਿੰਦਾ ਵੀਆਈਪੀ ਆ ਰਿਹਾ ਕਾਰ ਇੱਥੇ ਪਾਰਕ ਨਹੀ ਕਰ ਸਕਦੇ । ਮੈ ਕਿਹਾ ਸਾਡਾ ਤਾਂ ਕਮਰਾ ਬੁੱਕ ,

ਖੈਰ, ਉਹਨੇ ਹੋਰ ਪਾਸੇ ਕਾਰ ਲਵਾਤੀ । ਖਿੱਝ ਤਾਂ ਮੈਨੂੰ ਉਦੋ ਹੀ ਚੜ੍ਹਗੀ ਸੀ।

ਸਾਡੇ ਨਾਲ ਦੇ ਸਾਰੇ ਕਮਰਿਆਂ ‘ਚ ਪੁਲੀਸ ਅਤੇ ਹੋਰ ਏਜੰਸੀਆਂ ਦਾ ਅਮਲਾ ਫੈਲਾ ਆ ਗਿਆ ਸੀ । ਜਦੋ ਬਹੁਤ ਸਾਰੀਆਂ ਗੱਡੀਆਂ ਕਾਫਲੇ ਨਾਲ ਹਰਿਆਣਾ ਦਾ ਕੈਬਨਿਟ ਮੰਤਰੀ ਅਨਿਲ ਵਿੱਜ ਆਇਆ ਸੀ ।

ਉੱਥੇ ਕਿਸੇ ਨੂੰ ਕਰੋਨਾ ਨਹੀਂ ਹੁੰਦਾ ਸੀ ਕਿਸੇ ਨਾ ਮਾਸਕ ਨਹੀਂ ਲਾਇਆ ਸੀ । ਵਿੱਜ ਨੂੰ ਪਹਿਲਾਂ ਹੋ ਵੀ ਚੁੱਕਾ ਸੀ ਪਰ ਸ਼ਾਇਦ ਸੱਤਾ ਦਾ ਸਰੂਰ ਸੀ ਉਹਨੂੰ ਵੀ ਮਾਸਕ ਦੀ ਜਰੂਰਤ ਨਹੀਂ ਸੀ ।

ਲੋਕ ਗੋਡਿਆਂ ਭਾਰ ਹੋ ਕੇ ਉਸ ਨਾਲ ਤਸਵੀਰਾਂ ਖਿਚਵਾ ਰਹੇ ਸੀ ।

ਵਿੱਜ ਤੇ ਉਹਦਾ ਲਾਮ ਲਸ਼ਕਰ ਚਲਾ ਗਿਆ । ਤਾਂ ਉਹਨਾਂ ਦੇ ਮੇਜਾਂ ‘ਤੇ ਕੁੱਤਾ ਸਫਾਈ ਕਰ ਰਿਹਾ ਸੀ , ਇੱਕ ਪੰਜਾਬੀ ਬੋਲ ਰਿਹਾ ‘ਆਹ ਦੇਖੋ ਇੱਕ ਹੋਰ ਕੁੱਤਾ ਆ ਗਿਆ ।’

ਨਾ ਫੋਨ ਚੱਲਦਾ ਸੀ ਨਾ ਨੈੱਟ , ਮੈਨੂੰ ਵੈਸੇ ਹੀ ਸਵੇਰ ਦੇ ਤਾਰੇ ਦਿਸ ਰਹੇ ਸੀ ।

8 ਕੁ ਵਜੇ ਰੈਸਟੋਰੈਂਟ ਗਏ । 20 -25 ਮਿੰਟ ਬੈਠੇ ਰਹੇ ਕੋਈ ਆਰਡਰ ਲੈਣ ਨਾ ਆਇਆ ।

ਮੈਂ ਮੈਨੇਜਰ ਕੋਲ ਗਿਆ , ਉਹਨੇ ਨਿਮਰਤਾ ਨਾਲ ਕਿਹਾ,’ ਹੁਣੇ ਆਉਂਦਾ ।’ ਵੇਟਰ ਆਰਡਰ ਲੈ ਕੇ ਪਾਣੀ ਤੇ ਪਲੇਟਾਂ ਰੱਖ ਗਿਆ ।

45- 50 ਫਿਰ ਨਾ ਕੋਈ ਬਹੁੜਿਆ । ਉਦੋਂ ਤੱਕ ਮੇਰਾ ਤਾਂ ਕਮਰਾ ਛੱਡਣ ਦਾ ਮਨ ਬਣ ਗਿਆ ਸੀ , ਮੈਨੇਜਰ ਕੋਲ ਫਿਰ ਗਿਆ ਤਾਂ ਨਾਲ ਦੀ ਨਾਲ ਆਰਡਰ ਆ ਗਿਆ ।

ਬਿੱਲ ਦੇਣ ਮਗਰੋਂ ਮੈਂ ਮੈਨੇਜਰ ਨੂੰ ਪੁੱਛਿਆ,’ ਤੁਸੀ ਸਾਰੇ ਸਰਕਾਰੀ ਮੁਲਾਜ਼ਮ ?’

ਉਹ ਕਹਿੰਦਾ,’ ਹਾਂ, ਜੇ ਪ੍ਰਾਈਵੇਟ ਹੁੰਦੇ ਤਾਂ ਐਨੇ ਸੰਭਾਲ ਲੈਂਦੇ ।’

ਮੈਂ ਕਿਹਾ ਬਹੁਤ ਚੰਗੀ ਤਰ੍ਹਾਂ ਸੰਭਾਲ ਲੈਂਦੇ, ਪ੍ਰਾਈਵੇਟ ਵਾਲੇ ਤਾਂ

ਉਹਨੂੰ ਮੇਰੇ ਤੋਂ ਅਜਿਹੇ ਜਵਾਬ ਦੀ ਉਮੀਦ ਨਹੀਂ ਸੀ ।

ਕਹਿੰਦਾ ਤੁਸੀ ਵੀ ਠੇਕੇਦਾਰ ਹੋਣੇ ?

ਮੈਂ ਕਿਹਾ ਕਾਹਨੂੰ ਬੰਦੇ ਹੀ ਹਾਂ ।

ਖੈਰ, ਰਾਤ ਨੂੰ ਗਹਿਰੀ ਝੀਲ ‘ਚ ਚਾਨਣੀ ਚਮਕ ਰਹੀ । ਉਹਦੀ ਗਹਿਰਾਈ ‘ਚ ਕੀ ਕੁਝ ਹੈ ਟਿਕੀ ਰਾਤ ‘ਚ ਕੀਹਨੂੰ ਸਮਝ ਪੈਂਦਾ । ਉਹ ਹੀ ਸਮਝ ਸਕਦਾ ਜਿਹੜਾ ਝੀਲ ਜਿੰਨ੍ਹਾ ਗਹਿਰਾ ਹੋਵੇ , ਦੇਖਣ ਨੂੰ ਭਾਂਵੇ ਡੁੰਨਵੱਟਾ ਹੀ ਲੱਗੇ ।

ਸਵੇਰੇ ਰੈਸਟੋਰੈਂਟ ‘ਤੇ ਗਏ ਤਾਂ ਖਾਣਾ ਖਾਣ ਮਗਰੋਂ ਬਿੱਲ ਦੇਣ ਲਈ ਮੈਨੇਜਰ ਕੋਲ ਗਿਆ , ਕਮਰੇ ਦੀ ਚਾਬੀ ਵੀ ਦੇਣੀ ਸੀ । ਮੈਂ ਰਾਤ ਵਾਲੀ ਟੋਨ ‘ਚ ਸੀ ,ਪਰ ਮੈਨੇਜਰ ਸਾਹਿਬ ਨੇ ਬਹੁਤ ਅਦਬ ਨਾਲ ਗੁੱਡ ਮਾਰਨਿੰਗ ਕੀਤੀ ਮੈਨੂੰ ਮਹਿਸੂਸ ਹੋਇਆ ਤੂੰ ਜਿ਼ਆਦਾ ਹੀ ਖੜੂਸ । ਫਿਰ ਉਹਨੇ ਹੋਲੀ ਮੁਬਾਰਕ ਕਹਿ ਕੇ ਰੰਗ ਲਾ ਦਿੱਤਾ । ਮੈਨੂੰ ਲੱਗਿਆ ਕਿਸੇ ਨੇ ਕਾਲੇ ਕਰਮਾਂ ਵਾਲੇ ਨੂੰ ਰੰਗੀਨ ਕਰਤਾ ਹੋਵੇ ।

ਮੈਂ ਕਿਹਾ ਤੁਹਾਡਾ ਖਾਣਾ ਬਹੁਤ ਸੁਆਦ ਪਰ ਸਰਵਿਸ ਵਧੀਆ ਨਹੀਂ।

ਕਹਿੰਦੇ ਕੱਲ ਤਾਂ ਬਹੁਤ ਬੁਰਾ ਹਾਲ ਸੀ । ਕੋਲ ਖੜ੍ਹਾ ਵੇਟਰ ਕਹਿੰਦਾ ਸੀ ਰਾਤ ਸਾਡੇ ਸਾਰੇ ਸਟਾਫ ਕੋਲ ਪਾਣੀ ਪੀਣ ਦਾ ਵੀ ਸਮਾਂ ਨਹੀਂ ਸੀ , ਕਿਸੇ ਨੇ ਰੋਟੀ ਨਾ ਖਾਧੀ ।

ਤੁਸੀ ਕਦੇ ਫਿਰ ਆਓ ਕੋਈ ਤਕਲੀਫ ਨਹੀਂ ਹੋਵੇਗੀ ।

ਮੈਨੂੰ ਲੱਗਿਆ ਕੌੜੀ ਯਾਦ ਨੂੰ ਮੈਨੇਜਰ ਦੀ ਨਿਮਰਤਾ ਨੇ ਮਿਠਾਸ ‘ਚ ਬਦਲਤਾ ।

Source link

Leave a Reply

Your email address will not be published. Required fields are marked *