ਪੰਜਾਬ ’ਚ 10 ਅਪ੍ਰੈਲ ਤੋਂ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ, ਕੋਵਿਡ ਨੂੰ ਲੈ ਕੇ ਜਾਰੀ ਕੀਤੀਆਂ ਹਿਦਾਇਤਾਂ

Wheat procurement in mandis : ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ 10 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਕਣਕ ਦੀ ਖਰੀਦ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਅਤੇ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਸੂਬੇ ਦੀਆਂ ਸਾਰੀਆਂ ਮੰਡੀਆਂ ਵਿਚ ਸਿਹਤ ਸੁਰੱਖਿਆ ਸਾਵਧਾਨੀਆਂ ਨੂੰ ਸਖ਼ਤੀ ਨਾਲ ਅਪਨਾਉਣ ਲਈ ਵਿਸਥਾਰਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਇਹ ਪ੍ਰਗਟਾਵਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੱਲੋਂ ਬੋਰਡ ਦੇ ਸਕੱਤਰ ਰਵੀ ਭਗਤ ਅਤੇ ਹੋਰ ਉੱਚ-ਅਧਿਕਾਰੀਆਂ ਨਾਲ ਕਣਕ ਦੀ ਖਰੀਦ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਮਗਰੋਂ ਕੀਤਾ ਗਿਆ।

Wheat procurement in mandis

ਮੀਟਿੰਗ ਦੌਰਾਨ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਦੀਆਂ 154 ਮਾਰਕੀਟ ਕਮੇਟੀਆਂ ਵਿਖੇ ਕਣਕ ਦੀ ਖਰੀਦ/ਵੇਚ ਲਈ ਮੁੱਖ ਦਫਤਰ ਦੇ ਅਧਿਕਾਰੀਆਂ ਤੋਂ ਇਲਾਵਾ ਲਗਭਗ 5600 ਫੀਲਡ ਸਟਾਫ ਵੱਲੋਂ ਆਪਣੀ ਡਿਊਟੀ ਨਿਭਾਈ ਜਾਵੇਗੀ। ਚੇਅਰਮੈਨ ਨੇ ਅੱਗੇ ਦੱਸਿਆ ਕਿ ਮੰਡੀਆਂ ਵਿੱਚ ਪੰਜਾਬ ਮੰਡੀ ਬੋਰਡ, ਮਾਰਕੀਟ ਕਮੇਟੀਆਂ ਅਤੇ ਖਰੀਦ ੲੰਜੇਸੀਆ ਦੇ ਮੁਲਾਜ਼ਮਾਂ, ਕਿਸਾਨਾਂ, ਆੜ੍ਹਤੀਆਂ ਅਤੇ ਲੇਬਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਵਿਡ ਸਾਵਧਾਨੀਆਂ ਵਰਤੀਆਂ ਜਾਣਗੀਆਂ। ਉਨ੍ਹਾਂ ਅੱਗੇ ਜਾਣਕਾਰੀ ਦਿੱਤੀ ਕਿ ਹਾੜ੍ਹੀ ਸੀਜ਼ਨ ਦੌਰਾਨ ਕਣਕ ਦੀ ਖਰੀਦ ਲਈ 3972 ਮੰਡੀਆਂ ਨੋਟੀਫਾਈ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਇਸ ਸਾਲ ਸੂਬੇ ਵਿਚ 177 ਲੱਖ ਮੀਟ੍ਰਿਕ ਟਨ ਕਣਕ ਦਾ ਉਤਪਾਦਨ ਹੋਣ ਅਤੇ ਇਸ ਵਿੱਚੋਂ 130 ਲੱਖ ਮੀਟ੍ਰਿਕ ਟਨ ਮੰਡੀਆਂ ਵਿਚ ਪਹੁੰਚਣ ਦਾ ਅਨੁਮਾਨ ਹੈ।

Wheat procurement in mandis
Wheat procurement in mandis

ਚੇਅਰਮੈਨ ਨੇ ਅੱਗੇ ਦੱਸਿਆ ਕਿ ਬੀਤੇ ਹਾੜ੍ਹੀ ਸੀਜ਼ਨ ਦੌਰਾਨ ਵੀ ਕੋਵਿਡ-19 ਦੇ ਸੰਕਟਕਾਲੀਨ ਸਮੇਂ ਦੇ ਬਾਵਜੂਦ 128 ਲੱਖ ਮੀਟਰਕ ਟਨ ਕਣਕ ਦੀ ਖਰੀਦ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ ਸੀ ਅਤੇ ਕਿਸਾਨਾਂ ਨੂੰ ਆਪਣੀ ਫਸਲ ਮੰਡੀਆਂ ਵਿੱਚ ਲਿਆਉਣ ਲਈ ਆੜ੍ਹਤੀਆਂ ਰਾਹੀਂ 17.39 ਲੱਖ ਪਾਸ ਜਾਰੀ ਕੀਤੇ ਗਏ ਸਨ। ਮੰਡੀ ਬੋਰਡ ਦੀ ਇਹ ਕੋਸ਼ਿਸ਼ ਹੋਵੇਗੀ ਕਿ ਕਿਸਾਨਾਂ ਨੂੰ ਆਪਣੀ ਫਸਲ ਮੰਡੀਆਂ ਵਿੱਚ ਲਿਆਉਣ ਤੋਂ 12 ਘੰਟੇ ਦੇ ਸਮੇਂ ਵਿੱਚ ਫਾਰਗ ਕਰ ਦਿੱਤਾ ਜਾਵੇ ਪਰ ਕਿਸੇ ਖਾਸ ਵਜ੍ਹਾ ਕਰਕੇ ਵੱਧ ਤੋਂ ਵੱਧ ਉਸ ਨੂੰ 48 ਘੰਟਿਆਂ ਵਿੱਚ ਜ਼ਰੂਰ ਵਿਹਲਾ ਕਰ ਦਿੱਤਾ ਜਾਵੇਗਾ। ਸਾਰੀਆਂ ਮੰਡੀਆਂ ਵਿੱਚ ਮੁਕੰਮਲ ਸਫਾਈ ਅਤੇ ਸਿਹਤ ਸੁਰੱਖਿਆ ਲਈ ਸੋਡੀਅਮ ਹਾਈਪੋਕਲੋਰਾਈਟ ਨਾਲ ਛਿੜਕਾਅ ਕਰਵਾਇਆ ਗਿਆ, ਮੁੱਖ-ਯਾਰਡ ਅਤੇ ਸਬ-ਯਾਰਡ ਵਿੱਚ 500 ਲੀਟਰ ਪਾਣੀ ਦੀ ਸਮਰੱਥਾ ਵਾਲੀ ਟੈਂਕੀ ਸਮੇਤ ਪੈਂਡਲ ਨਾਲ ਚੱਲਣ ਵਾਲੇ ਵਾਸ਼-ਬੇਸਨ ਲਗਵਾਏ ਗਏ। ਮੰਡੀਆਂ ਵਿੱਚ ਜ਼ਰੂਰੀ ਸਹੂਲਤਾਂ ਜਿਸ ਤਰ੍ਹਾਂ ਪੀਣ ਵਾਲੇ ਸਾਫ ਪਾਣੀ ਦੇ ਪੁਖਤਾ ਪ੍ਰਬੰਧਾਂ, ਪਖਾਨੇ ਅਤੇ ਛਾਂ ਆਦਿ ਸਬੰਧੀ ਵਿਸ਼ੇਸ਼ ਧਿਆਨ ਦਿੱਤਾ ਗਿਆ। ਆਪਸੀ ਦੂਰੀ ਬਣਾਉਣ ਲਈ ਸੂਬੇ ਦੇ ਹਰੇਕ ਯਾਰਡ ਅਤੇ ਖਰੀਦ ਕੇਂਦਰ ਵਿੱਚ ਪੇਂਟ ਨਾਲ 30×30 ਫੁੱਟ ਦੇ ਖਾਨੇ ਬਣਾ ਦਿਤੇ ਜਾਣਗੇ ਅਤੇ ਕਿਸਾਨ ਆਪਣੀ ਫਸਲ ਉਸ ਖਾਨੇ ਵਿੱਚ ਹੀ ਢੇਰੀ ਕਰੇਗਾ। ਉਨ੍ਹਾਂ ਵੱਲੋਂ ਅੱਗੇ ਦੱਸਿਆ ਕਿ ਆੜ੍ਹਤੀਆਂ ਰਾਹੀਂ ਕਿਸਾਨਾਂ ਨੂੰ ਪ੍ਰਤੀ ਟਰਾਲੀ ਦੇ ਹਿਸਾਬ ਨਾਲ ਕੂਪਨ ਮੁਹੱਈਆ ਕਰਵਾਏ ਜਾਣਗੇ। ਕੂਪਨ ਦੀ ਮਿਆਦ ਇਕ ਦਿਨ ਦੀ ਹੋਵੇਗੀ। ਉਸ ਕੂਪਨ ਦੀ ਅਸਲ ਹੋਲੋਗਰਾਮ/ਕਿਊ.ਆਰ. ਨਾਲ ਕੋਡ ਕੀਤੀ ਜਾਏਗੀ ਅਤੇ ਉਹ ਹੀ ਯੋਗ ਹੋਵੇਗੀ। ਇਸ ਵਾਰ ਖਾਸ ਵਿਵਸਥਾ ਇਹ ਕੀਤੀ ਹੈ ਕਿ ਕਿਸਾਨਾਂ ਵੱਲੋਂ ਆੜ੍ਹਤੀਆਂ ਨਾਲ ਸੰਪਰਕ ਕਰਕੇ ਹੀ ਜਿਸ ਮਿਤੀ ਅਤੇ ਜਿਸ ਸਥਾਨ ਉਤੇ ਕਣਕ ਢੇਰੀ ਕੀਤੀ ਜਾਣੀ ਹੈ, ਲਿਆਂਦੀ ਜਾਵੇਗੀ। ਇਸ ਲਈ ਨਿਸ਼ਚਿਤ ਜਗ੍ਹਾ ਦਾ ਪ੍ਰਬੰਧ ਕਰਨ ਲਈ ਮਾਰਕਿਟ ਕਮੇਟੀਆਂ ਵੱਲੋਂ ਮੰਡੀਆਂ ਵਿੱਚ ਨਿਸ਼ਾਨ ਲਾ ਦਿੱਤੇ ਜਾਣਗੇ ਤਾਂ ਜੋ ਕਿਸਾਨਾਂ ਨੂੰ ਆਪਣੀ ਕਣਕ ਢੇਰੀ ਕਰਨ ਵਿੱਚ ਮੁਸ਼ਕਿਲ ਨਾ ਆਵੇ। ਕਿਸਾਨਾਂ ਅਤੇ ਆੜ੍ਹਤੀਆਂ ਨੂੰ epmb ਮੋਬਾਈਲ ਐਪ ਡਾਊਨਲੋਡ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਮੰਡੀਆਂ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਕਣਕ ਵੇਚਣ ਲਈ ਪਾਸ ਬਾਰੇ ਤਾਜ਼ਾ ਜਾਣਕਾਰੀ ਮਿਲਦੀ ਰਹੇ।

Wheat procurement in mandis
Wheat procurement in mandis

ਖਰੀਦ ਪ੍ਰਬੰਧਾਂ ਲਈ ਚੁੱਕੇ ਕਦਮਾਂ ਦਾ ਜ਼ਿਕਰ ਕਰਦੇ ਹੋਏ ਚੇਅਰਮੈਨ ਨੇ ਦੱਸਿਆ ਕਿ ਜਿਹੜੇ ਕਿਸਾਨ ਕੁਝ ਸਮੇਂ ਲਈ ਕਣਕ ਨੂੰ ਆਪਣੇ ਘਰਾਂ ਜਾਂ ਫਾਰਮਾਂ ਉਤੇ ਸਟੋਰ ਕਰ ਸਕਦੇ ਹਨ, ਉਹ ਜ਼ਰੂਰ ਕਰਨ ਤਾਂ ਜੋ ਮੰਡੀ ਵਿੱਚ ਕਣਕ ਦੀ ਇੱਕੋ ਸਮੇਂ ਜ਼ਿਆਦਾ ਆਮਦ ਨਾ ਹੋਵੇ ਅਤੇ ਕਣਕ ਦੀ ਵੇਚ/ਖ੍ਰੀਦ ਦੌਰਾਨ ਮੰਡੀ ਵਿੱਚ ਭੀੜ ਭੜੱਕੇ ਤੋਂ ਬਚਿਆ ਜਾ ਸਕੇ। ਉਨ੍ਹਾਂ ਵੱਲੋਂ ਅੱਗੇ ਦੱਸਿਆ ਗਿਆ ਕਿ ਮੰਡੀਆਂ ਵਿੱਚ ਆਉਣ ਵਾਲੇ ਕਿਸਾਨਾਂ ਲਈ ਮਾਰਕੀਟ ਕਮੇਟੀਆਂ ਦੇ ਨਾਲ-ਨਾਲ ਬਾਕੀ ਸਹੂਲਤਾਂ ਤੋਂ ਇਲਾਵਾ ਆੜ੍ਹਤੀਆਂ ਵੱਲੋਂ ਸੈਨੀਟਾਈਜ਼ਰ ਅਤੇ ਮਾਸਕ ਦਿੱਤੇ ਜਾਣਗੇ ਤਾਂ ਜੋ ਕਿਸੇ ਵੀ ਕਿਸਾਨ ਦਾ ਜਾਨੀ ਨੁਕਸਾਨ ਨਾ ਹੋਵੇ। ਉਨ੍ਹਾਂ ਵੱਲੋਂ ਮੰਡੀਆਂ ਵਿੱਚ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੇਂ-ਸਮੇਂ ਸੈਨੀਟਾਈਜ਼ਰ ਵਰਤਣ ਜਾਂ ਸਾਬਣ-ਪਾਣੀ ਨਾਲ ਹੱਥ ਧੋਂਦੇ ਰਹਿਣ ਅਤੇ ਮਾਸਕ ਲਗਾ ਕੇ ਰੱਖਣ। ਇਸ ਦੇ ਨਾਲ-ਨਾਲ ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਅਤੇ ਅਨਾਜ ਮੰਡੀਆਂ ਵਿੱਚ ਥੁੱਕਣ ਤੋਂ ਗੁਰੇਜ਼ ਕੀਤਾ ਜਾਵੇ। ਇਸੇ ਤਰ੍ਹਾਂ ਦੂਸਰੇ ਵਿਅਕਤੀ ਤੋਂ ਦੂਰੀ ਵੀ ਬਣਾ ਕੇ ਰੱਖੀ ਜਾਵੇ ਤਾਂ ਜੋ ਬਿਮਾਰੀ ਸਬੰਧੀ ਕਿਸੇ ਵੀ ਤਰ੍ਹਾਂ ਦਾ ਖਤਰਾ ਪੈਦਾ ਨਾ ਹੋਵੇ। ਜਿਨ੍ਹਾਂ ਵਿਅਕਤੀਆਂ ਨੂੰ ਬੁਖਾਰ, ਖਾਂਸੀ, ਜੁਕਾਮ, ਸਿਰ ਦਰਦ ਜਾਂ ਸਾਹ ਲੈਣ ਵਿੱਚ ਤਕਲੀਫ ਹੋਵੇ, ਉਹ ਮੰਡੀਆਂ ਵਿੱਚ ਆਉਣ ਤੋਂ ਗੁਰੇਜ਼ ਕਰਨ ਅਤੇ ਤੁਰੰਤ ਡਾਕਟਰੀ ਸਲਾਹ ਜ਼ਰੂਰ ਲੈਣ। ਮੰਡੀ ਬੋਰਡ ਵੱਲੋਂ ਕਿਸਾਨਾਂ ਅਤੇ ਆੜ੍ਹਤੀਆਂ ਦੀ ਸਹੂਲਤ ਲਈ ਮੁੱਖ ਦਫਤਰ ਵਿਖੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਜੇਕਰ ਮਸਲਾ ਹੱਲ ਨਹੀਂ ਹੁੰਦਾ ਤਾਂ ਉਹ ਆਪਣੇ ਜ਼ਿਲ੍ਹੇ ਨਾਲ ਸਬੰਧਤ ਕੰਟਰੋਲ ਰੂਮ ਦੇ ਟੈਲੀਫੋਨ ਨੰਬਰ ਉਤੇ ਰਾਬਤਾ ਕਾਇਮ ਕਰ ਸਕਦੇ ਹਨ।

Source link

Leave a Reply

Your email address will not be published. Required fields are marked *