ਅੱਠ ਸੂਬਿਆਂ ’ਚ 81 ਫ਼ੀਸਦ ਨਵੇਂ ਕੇਸ

ਨਵੀਂ ਦਿੱਲੀ, 3 ਅਪਰੈਲ

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਕਰੋਨਾ ਦੀ ਦੂਜੀ ਲਹਿਰ ਦੇ ਚੱਲਦਿਆਂ 8 ਸੂਬਿਆਂ ’ਚ ਕੋਵਿਡ-19 ਦੇ ਨਵੇਂ ਕੇਸਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਸ਼ਨਿਚਰਵਾਰ ਨੂੰ 81.42 ਫ਼ੀਸਦ ਵਿਅਕਤੀ ਲਾਗ ਤੋਂ ਪੀੜਤ ਮਿਲੇ ਹਨ। ਇਨ੍ਹਾਂ ਸੂਬਿਆਂ ’ਚ ਮਹਾਰਾਸ਼ਟਰ, ਕਰਨਾਟਕ, ਛੱਤੀਸਗੜ੍ਹ, ਦਿੱਲੀ, ਤਾਮਿਲ ਨਾਡੂ, ਉੱਤਰ ਪ੍ਰਦੇਸ਼, ਪੰਜਾਬ ਅਤੇ ਮੱਧ ਪ੍ਰਦੇਸ਼ ਸ਼ਾਮਲ ਹਨ। ਫ਼ੀਸਦ ਦੇ ਹਿਸਾਬ ਨਾਲ ਪੰਜਾਬ ’ਚ ਸਰਗਰਮ ਕੇਸਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਦਰਜ ਹੋਈ ਹੈ। ਦੇਸ਼ ’ਚ ਸਰਗਰਮ ਕੇਸਾਂ ਦੀ  ਗਿਣਤੀ ਵਧ ਕੇ 6,58,909 ’ਤੇ ਪਹੁੰਚ ਗਈ ਹੈ ਅਤੇ ਇਹ ਕੁੱਲ ਕੇਸਾਂ ਦਾ 5.32 ਫ਼ੀਸਦ ਹੈ। ਇਕ ਦਿਨ ’ਚ 44,213 ਸਰਗਰਮ ਕੇਸਾਂ ਦਾ ਵਾਧਾ ਹੋਇਆ ਹੈ। ਦੇਸ਼ ’ਚ 50 ਫ਼ੀਸਦ ਸਰਗਰਮ ਮਰੀਜ਼ 10 ਜ਼ਿਲ੍ਹਿਆਂ ਪੁਣੇ, ਮੁੰਬਈ, ਨਾਗਪੁਰ, ਠਾਣੇ, ਨਾਸਿਕ, ਬੰਗਲੂਰੂ ਸ਼ਹਿਰੀ, ਔਰੰਗਾਬਾਦ, ਦਿੱਲੀ, ਅਹਿਮਦਾਬਾਦ ਅਤੇ ਨਾਂਦੇੜ ’ਚ ਹਨ। ਮਹਾਰਾਸ਼ਟਰ ’ਚ ਪਿਛਲੇ ਦੋ ਮਹੀਨਿਆਂ ’ਚ ਸਰਗਰਮ ਕੇਸਾਂ ਦੀ ਗਿਣਤੀ ’ਚ 9 ਗੁਣਾ ਦਾ ਵਾਧਾ ਹੋਇਆ ਹੈ। ਮਹਾਰਾਸ਼ਟਰ ’ਚ ਅੱਜ ਕਰੋਨਾ ਦੇ ਨਵੇਂ 49,447 ਕੇਸ ਮਿਲੇ ਹਨ ਜਦਕਿ ਇਕੱਲੇ ਮੁੰਬਈ ਸ਼ਹਿਰ ’ਚ 9,108 ਨਵੇਂ ਕੇਸ ਮਿਲੇ ਹਨ।  ਕਰੋਨਾਵਾਇਰਸ ਲਾਗ ਦਾ ਇਲਾਜ ਕਰਵਾ ਰਹੇ 77.3 ਫ਼ੀਸਦ ਪੰਜ ਸੂਬਿਆਂ ਮਹਾਰਾਸ਼ਟਰ, ਕਰਨਾਟਕ, ਛੱਤੀਸਗੜ੍ਹ, ਕੇਰਲ ਅਤੇ ਪੰਜਾਬ ’ਚ ਹਨ। ਸਿਰਫ਼ ਮਹਾਰਾਸ਼ਟਰ ’ਚ ਹੀ 59.36 ਫ਼ੀਸਦ ਮਰੀਜ਼ ਇਲਾਜ ਕਰਵਾ ਰਹੇ ਹਨ।  ਦੇਸ਼ ’ਚ ਇਕ ਦਿਨ ’ਚ ਕਰੋਨਾ ਦੇ 89,129 ਕੇਸ ਸਾਹਮਣੇ ਆਏ ਹਨ। ਕੁੱਲ ਕੇਸਾਂ ਦੀ ਗਿਣਤੀ 1.23 ਕਰੋੜ ਤੋਂ ਪਾਰ ਹੋ ਗਈ ਹੈ। ਪਿਛਲੇ 24 ਘੰਟਿਆਂ ’ਚ 714 ਹੋਰ ਵਿਅਕਤੀਆਂ  ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 1,64,110 ਹੋ ਗਈ ਹੈ। ਉਧਰ ਕੋਵਿਡ-19 ਵੈਕਸੀਨ ਦਾ ਅੰਕੜਾ 7.3 ਕਰੋੜ ਨੂੰ ਪਾਰ ਹੋ ਗਿਆ ਹੈ। ਮੰਤਰਾਲੇ ਨੇ ਦੱਸਿਆ ਕਿ ਮਹਾਰਾਸ਼ਟਰ, ਛੱਤੀਸਗੜ੍ਹ, ਪੰਜਾਬ, ਕਰਨਾਟਕ, ਦਿੱਲੀ, ਤਾਮਿਲ ਨਾਡੂ, ਮੱਧ ਪ੍ਰਦੇਸ਼, ਗੁਜਰਾਤ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਕੇਰਲਾ ਸਮੇਤ 12 ਸੂਬਿਆਂ ’ਚ ਰੋਜ਼ਾਨਾ ਕੇਸ ਵਧ ਰਹੇ ਹਨ। ਕੇਂਦਰੀ ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਸ਼ੁੱਕਰਵਾਰ ਨੂੰ 11 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਅਤੇ ਪੁਲੀਸ ਮੁਖੀਆਂ ਨਾਲ ਬੈਠਕ ਕਰਕੇ ਕਰੋਨਾ ਹਾਲਾਤ ਦੀ ਸਮੀਖਿਆ ਕਰਦਿਆਂ ਉਨ੍ਹਾਂ ਨੂੰ ਕੋਵਿਡ-19 ਨੇਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਸੀ। 

ਦੇਸ਼ ’ਚ ਕੋਵਿਡ-19 ਦੀ ਦੂਜੀ ਲਹਿਰ ਤੇਜ਼ ਹੋਣ ਦੇ ਨਾਲ ਹੀ ਵੈਕਸੀਨ ਲਗਾਉਣ ਦੇ ਇਛੁੱਕ ਲੋਕਾਂ ਦੀ ਪ੍ਰਤੀਸ਼ਤ 77 ਫ਼ੀਸਦ ਤੱਕ ਵੱਧ ਗਈ ਹੈ। ਸਰਵੇਖਣ ਮੁਤਾਬਕ ਕਰੋਨਾ ਟੀਕੇ ਤੋਂ ਝਿਜਕ ਦਾ ਪੱਧਰ ਵੀ 23 ਫ਼ੀਸਦ ਤੱਕ ਘੱਟ ਗਿਆ ਹੈ। ਟੀਕੇ ਲਗਵਾਉਣ ਵਾਲੇ 52 ਫ਼ੀਸਦੀ ਨਾਗਰਿਕਾਂ ’ਤੇ ਇਸ ਦਾ  ਗਲਤ ਅਸਰ ਦੇਖਣ ਨੂੰ ਨਹੀਂ ਮਿਲਿਆ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕੋਵੀਸ਼ੀਲਡ ਅਤੇ ਕੋਵੈਕਸੀਨ, ਯੂਕੇ ਅਤੇ ਬ੍ਰਾਜ਼ੀਲ ਦੇ ਕਰੋਨਾ ਰੂਪਾਂ ਖ਼ਿਲਾਫ਼ ਕਾਰਗਰ ਹਨ।  -ਪੀਟੀਆਈ

ਪੰਜਾਬ ’ਚ ਯੂਕੇ ਦਾ ਕਰੋਨਾ ਰੂਪ ਬਣ ਸਕਦੈ ਸੰਭਾਵਿਤ ਖ਼ਤਰਾ

ਨਵੀਂ ਦਿੱਲੀ: ਸੀਐੱਸਆਈਆਰ-ਸੀਸੀਐੱਮਬੀ ਦੇ ਡਾਇਰੈਕਟਰ ਰਾਕੇਸ਼ ਮਿਸ਼ਰਾ ਨੇ ਕਿਹਾ ਹੈ ਕਿ ਪੰਜਾਬ ’ਚ ਯੂਕੇ ਦਾ ਕਰੋਨਾ ਰੂਪ ਆਉਂਦੇ ਦਿਨਾਂ ’ਚ ਵੱਡਾ ਖ਼ਤਰਾ ਬਣ ਸਕਦਾ ਹੈ ਪਰ ਅਜੇ ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਉਂਜ ਮਹਾਰਾਸ਼ਟਰ ’ਚ ਕਰੋਨਾ ਦਾ ਮਿਲਿਆ ਦੋਹਰਾ ਰੂਪ ਚਿੰਤਾ ਦਾ ਵਿਸ਼ਾ ਹੈ। ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਸ੍ਰੀ ਮਿਸ਼ਰਾ ਨੇ ਕਿਹਾ,‘‘ਪੰਜਾਬ ’ਚ ਕੁਝ ਲੋਕ ਇੰਗਲੈਂਡ ਤੋਂ ਆਏ ਹੋਣਗੇ ਅਤੇ ਫਿਰ ਉਨ੍ਹਾਂ ਦੇ ਸੂਬੇ ’ਚ ਕਈ ਥਾਵਾਂ ’ਤੇ ਜਾਣ ਕਰਕੇ ਕਰੋਨਾ ਦਾ ਨਵਾਂ ਰੂਪ ਉਥੇ ਫੈਲ ਗਿਆ।’’ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ’ਚ ਯੂਕੇ ਦਾ ਕਰੋਨਾ ਰੂਪ ਨਾ ਮਿਲਣ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ’ਚ ਪੀੜਤ ਵਿਅਕਤੀਆਂ ਦੇ ਸੂਬੇ ਤੋਂ ਬਾਹਰ ਨਾ ਜਾਣ ਕਰਕੇ ਹੋ ਸਕਦਾ ਹੈ ਕਿ ਇਹ ਅਜੇ ਬੁਰੀ ਤਰ੍ਹਾਂ ਨਾ ਫੈਲਿਆ ਹੋਵੇ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਆਉਂਦੇ ਦਿਨਾਂ ’ਚ ਉਥੇ ਵੀ ਕੇਸਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਐਸਟਰਾਜ਼ੈਨੇਕਾ ਅਤੇ ਕੋਵੈਕਸੀਨ ਦੇ ਟੀਕੇ ਪੰਜਾਬ ਅਤੇ ਮਹਾਰਾਸ਼ਟਰ ’ਚ ਨਵੇਂ ਰੂਪ ਖ਼ਿਲਾਫ਼ ਕਾਰਗਰ ਹਨ। -ਆਈਏਐਨਐਸ

ਪੰਜਾਬ ਵਿੱਚ ਕਰੋਨਾ ਨੇ ਲਈਆਂ 49 ਹੋਰ ਜਾਨਾਂ 

ਚੰਡੀਗੜ੍ਹ (ਟਨਸ): ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਨੇ 49 ਹੋਰ ਵਿਅਕਤੀਆਂ ਦੀ ਜਾਨ ਲੈ ਲਈ ਹੈ। ਇਸ ਦੌਰਾਨ 2705 ਸੱਜਰੇ ਮਾਮਲੇ ਵੀ ਸਾਹਮਣੇ ਆਏ ਹਨ। ਅੰਮ੍ਰਿਤਸਰ ਵਿੱਚ 7, ਹੁਸ਼ਿਆਰਪੁਰ ਵਿੱਚ 6, ਗੁਰਦਾਸਪੁਰ ਤੇ ਲੁਧਿਆਣਾ ਵਿੱਚ 5-5, ਰੋਪੜ ਤੇ ਜਲੰਧਰ ਵਿੱਚ 4-4, ਮੁਹਾਲੀ, ਸੰਗਰੂਰ ਤੇ ਕਪੂਰਥਲਾ ਵਿੱਚ 3-3, ਬਠਿੰਡਾ, ਤਰਨ ਤਾਰਨ ਤੇ ਪਟਿਆਲਾ ਵਿੱਚ 2-2, ਪਠਾਨਕੋਟ, ਫਾਜ਼ਿਲਕਾ ਤੇ ਫਿਰੋਜ਼ਪੁਰ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। ਪੰਜਾਬ ਵਿੱਚ ਹੁਣ ਤੱਕ ਇਸ ਮਹਾਮਾਰੀ ਕਾਰਨ 7032 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

45 ਸਾਲ ਤੋਂ ਉਪਰ ਦੇ ਲੋਕਾਂ ਦਾ ਇਸੇ ਮਹੀਨੇ ਟੀਕਾਕਰਨ ਕਰਨ ਦੇ ਆਦੇਸ਼

ਚੰਡੀਗੜ੍ਹ: ਪੰਜਾਬ ਵਿਚ ਕੋਵਿਡ ਦੇ ਮੁੜ ਉਭਾਰ ਨੂੰ ਰੋਕਣ ਦੇ ਉਦੇਸ਼ ਨਾਲ ਮੁੱਖ ਸਕੱਤਰ ਵਿਨੀ ਮਹਾਜਨ ਨੇ ਸਿਹਤ ਵਿਭਾਗ ਨੂੰ 45 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਦਾ ਇਸੇ ਮਹੀਨੇ ਦੇ ਅੰਦਰ ਟੀਕਾਕਰਨ ਕਰਨ ਦਾ ਹੁਕਮ ਦਿੱਤਾ ਹੈ। ਹੁਣ ਤੱਕ ਲਗਭਗ 10 ਲੱਖ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਅਤੇ ਆਉਂਦੇ ਦੋ ਹਫ਼ਤਿਆਂ ਦੌਰਾਨ ਸੂਬੇ ਵਿੱਚ 32 ਲੱਖ ਨਾਗਰਿਕਾਂ ਨੂੰ ਟੀਕਾ ਲਗਾਉਣ ਦੀ ਯੋਜਨਾ ਹੈ। -ਟਨਸ

ਸੰਸਦ ਮੈਂਬਰ ਕਨੀਮੋੜੀ ਕਰੋਨਾ ਪਾਜ਼ੇਟਿਵ

ਚੇਨੱਈ: ਡੀਐੱਮਕੇ ਸੰਸਦ ਮੈਂਬਰ ਕਨੀਮੋੜੀ ਅੱਜ ਕਰੋਨਾ ਪਾਜ਼ੇਟਿਵ ਹੋ ਗਈ ਹੈ। ਪਾਰਟੀ ਸੂਤਰਾਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਇੱਥੇ ਇੱਕ ਹਸਪਤਾਲ ’ਚ ਦਾਖ਼ਲ ਹੈ। ਸੂਤਰਾਂ ਮੁਤਾਬਕ ਕਨੀਮੋੜੀ, ਜੋ ਕਿ 6 ਅਪਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਰਗਰਮੀ ਨਾਲ ਚੋਣ ਪ੍ਰਚਾਰ ਕਰ ਰਹੀ ਹੈ, ਨੇ ਕਰੋਨਾ ਪਾਜ਼ੇਟਿਵ ਪਾਏ ਜਾਣ ਮਗਰੋਂ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ।  -ਪੀਟੀਆਈ 

ਕਰੋਨਾ ਤੋਂ ਤੰਦਰੁਸਤ ਹੋਣ ਵਾਲੇ ਲੋਕਾਂ ਲਈ ਵੈਕਸੀਨ ਦੀ ਇਕੋ ਖੁਰਾਕ ਹੀ ਕਾਰਗਰ: ਅਧਿਐਨ

ਨਿਊਯਾਰਕ: ਇਕ ਅਧਿਐਨ ’ਚ ਖ਼ੁਲਾਸਾ ਹੋਇਆ ਹੈ ਕਿ ਕੋਵਿਡ-19 ਲਾਗ ਤੋਂ ਤੰਦਰੁਸਤ ਹੋਏ ਵਿਅਕਤੀਆਂ ਲਈ ਕਰੋਨਾ ਦੇ ਟੀਕੇ ਦੀ ਇਕੋ ਖੁਰਾਕ ਹੀ ਕਾਰਗਰ ਸਾਬਿਤ ਹੋ ਸਕਦੀ ਹੈ। ਇਹ ਅਧਿਐਨ 260 ਵਿਅਕਤੀਆਂ ’ਤੇ ਕੀਤਾ ਗਿਆ ਅਤੇ ਉਨ੍ਹਾਂ ਨੂੰ ਫਾਈਜ਼ਰ-ਬਾਇਓਐੱਨਟੈੱਕ ਦੀ ਇਕ ਹੀ ਖੁਰਾਕ ਦਿੱਤੀ ਗਈ ਸੀ। ਕੈਲੀਫੋਰਨੀਆ ਦੇ ਸਿਡਾਰਜ਼-ਸਿਨਾਈ ਮੈਡੀਕਲ ਸੈਂਟਰ ’ਚ ਸਹਾਇਕ ਪ੍ਰੋਫੈਸਰ ਸੁਸਾਨ ਚੇਂਗ ਨੇ ਕਿਹਾ ਕਿ ਕਰੋਨਾ ਲਾਗ ਤੋਂ ਤੰਦਰੁਸਤ ਹੋ ਚੁੱਕੇ ਵਿਅਕਤੀਆਂ ਨੂੰ ਟੀਕੇ ਦੀ ਇਕੋ ਖੁਰਾਕ ਹੀ ਲਾਹੇਵੰਦ ਹੈ। -ਆਈਏਐਨਐਸ 

ਮਹਿਲਾ ਨੂੰ ਕੋਵਿਡ-19 ਦੇ ਇਕੱਠੇ ਦੋ ਟੀਕੇ ਲਗਾਏ 

ਕਾਨਪੁਰ: ਮੋਬਾਈਲ ਫੋਨ ’ਤੇ ਗੱਲ ਕਰ ਰਹੀ ਏਐੱਨਐੱਮ ਨੇ ਅਕਬਰਪੁਰ ਇਲਾਕੇ ਦੇ ਮੁੱਢਲੇ ਸਿਹਤ ਕੇਂਦਰ ’ਚ 50 ਵਰ੍ਹਿਆਂ ਦੀ ਇਕ ਮਹਿਲਾ ਕਮਲੇਸ਼ ਕੁਮਾਰੀ ਨੂੰ ਕੋਵਿਡ-19 ਦੇ ਦੋ ਟੀਕੇ ਲਗਾ ਦਿੱਤੇ। ਜਦੋਂ ਮਹਿਲਾ ਨੇ ਦੋ ਟੀਕੇ ਲਗਾਉਣ ਬਾਰੇ ਪੁੱਛਿਆ ਤਾਂ ਨਰਸ ਨੇ ਭੁੱਲ ਦੀ ਮੁਆਫ਼ੀ ਮੰਗਣ ਦੀ ਬਜਾਏ ਉਸ ਨੂੰ ਝਾੜ ਮਾਰ ਦਿੱਤੀ। ਦੋ ਟੀਕੇ ਲੱਗਣ ਕਾਰਨ ਮਹਿਲਾ ਦੀ ਬਾਂਹ ’ਚ ਸੋਜ਼ਿਸ਼ ਆ ਗਈ। ਪਰਿਵਾਰਕ ਮੈਂਬਰਾਂ ਵੱਲੋਂ ਹੰਗਾਮਾ ਕੀਤੇ ਜਾਣ ਮਗਰੋਂ ਜ਼ਿਲ੍ਹਾ ਮੈਜਿਸਟਰੇਟ ਨੇ ਅਣਗਹਿਲੀ ਦਾ ਨੋਟਿਸ ਲੈਂਦਿਆਂ ਸੀਐੱਮਓ ਨੂੰ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। -ਪੀਟੀਆਈ

Source link

Leave a Reply

Your email address will not be published. Required fields are marked *