ਭਾਰਤ-ਪਾਕਿ ਸਰਹੱਦ ਤੋਂ ਢਾਈ ਅਰਬ ਦੀ ਹੈਰੋਇਨ ਫੜੀ

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 7 ਅਪਰੈਲ

ਬੀਐੱਸਐੱਫ ਨੇ ਅੱਜ ਅਟਾਰੀ ਤੇ ਖੇਮਕਰਨ ਸੈਕਟਰਾਂ ਵਿੱਚ ਪਾਕਿਸਤਾਨ ਨਾਲ ਲਗਦੀ ਸਰਹੱਦ ਤੋਂ ਢਾਈ ਅਰਬ ਰੁਪਏ ਤੋਂ ਵੱਧ ਕੀਮਤ ਦੀ ਹੈਰੋਇਨ ਬਰਾਮਦ ਕੀਤੀ ਹੈ। ਅਟਾਰੀ ਸੈਕਟਰ ਵਿੱਚ ਜਿੱਥੇ ਪਾਕਿਸਤਾਨੀ ਤਸਕਰ ਬੀਐੈੱਸਐੱਫ ਜਵਾਨਾਂ ਦੀ ਗੋਲੀ ਨਾਲ ਮਾਰਿਆ ਗਿਆ, ਉਥੇ ਖੇਮਕਰਨ ਸੈਕਟਰ ਵਿੱਚ ਸੁਰੱਖਿਆ ਬਲ ਇਕ ਪਾਕਿ ਤਸਕਰ ਨੂੰ ਕਾਬੂ ਕਰਨ ਵਿੱਚ ਸਫ਼ਲ ਰਹੇ। ਉਧਰ ਫਿਰੋਜ਼ਪੁਰ ਵਿੱਚ ਵੀ ਨਾਰਕੋਟਿਕ ਸੈੱਲ ਨੇ ਇਕ ਤਸਕਰ ਦੀ ਨਿਸ਼ਾਨਦੇਹੀ ’ਤੇ 35 ਕਰੋੜ ਦੀ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਅਟਾਰੀ (ਦਿਲਬਾਗ ਸਿੰਘ ਗਿੱਲ): ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੀ 22ਵੀਂ ਬਟਾਲੀਅਨ ਅਤੇ ਪੰਜਾਬ ਪੁਲੀਸ ਦਿਹਾਤੀ ਅੰਮ੍ਰਿਤਸਰ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਅੱਜ ਮੂਹਰਲੀ ਸਰਹੱਦੀ ਚੌਕੀ ਕੱਕੜ ਨੇੜਿਓਂ 22 ਪੈਕਟਾਂ ’ਚੋਂ 22 ਕਿਲੋ ਹੈਰੋਇਨ, ਦੋ ਏਕੇ-47 ਸਮੇਤ 4 ਮੈਗਜ਼ੀਨ, 45 ਰੌਂਦ, ਇੱਕ ਮੋਬਾਈਲ ਫੋਨ, ਇੱਕ ਪਲਾਸਟਿਕ ਦੀ ਪਾਈਪ ਅਤੇ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਗਈ ਹੈ। ਹੈਰੋਇਨ ਦੀ ਕੀਮਤ 1.10 ਅਰਬ ਰੁਪਏ ਬਣਦੀ ਹੈ। ਇਸ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਪਾਕਿਸਤਾਨੀ ਤਸਕਰ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ।

ਅਟਾਰੀ ਨੇੜਿਓਂ ਬਰਾਮਦ ਕੀਤੇ ਗਏ ਹੈਰੋਇਨ ਦੇ ਪੈਕਟ ਅਤੇ ਹਥਿਆਰ।

ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐੱਸਐੱਸਪੀ ਧਰੁਵ ਦਹੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਅਣਪਛਾਤੇ ਪਾਕਿਸਤਾਨੀ ਤਸਕਰਾਂ ਵੱਲੋਂ ਸਰਹੱਦੀ ਚੌਕੀ ਕੱਕੜ (ਥਾਣਾ ਲੋਪੋਕੇ) ਨੇੜੇ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਭਾਰਤੀ ਤਸਕਰਾਂ ਨੂੰ ਸਪਲਾਈ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਇੱਕ ਟੀਮ ਬਣਾ ਕੇ ਇਹ ਜਾਣਕਾਰੀ ਸੀਮਾ ਸੁਰੱਖਿਆ ਬਲ ਨਾਲ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁਖ਼ਬਰ ਵੱਲੋਂ ਦੱਸੀ ਹੋਈ ਜਗ੍ਹਾ ’ਤੇ ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲੀਸ (ਦਿਹਾਤੀ) ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਇੱਕ ਪਾਕਿਸਤਾਨੀ ਤਸਕਰ ਮਾਰਿਆ ਗਿਆ ਜਿਸ ਕੋਲੋਂ 22 ਪੈਕੇਟ ਹੈਰੋਇਨ, ਦੋ ਏਕੇ-47 ਰਾਈਫ਼ਲਾਂ ਸਮੇਤ ਚਾਰ ਮੈਗਜ਼ੀਨ, 45 ਜ਼ਿੰਦਾ ਰੌਂਦ, ਇੱਕ ਮੋਬਾਈਲ ਫੋਨ, ਇੱਕ ਪਲਾਸਟਿਕ ਦੀ ਪਾਈਪ ਅਤੇ 210 ਰੁਪਏ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਖ਼ਿਲਾਫ਼ ਪੁਲੀਸ ਥਾਣਾ ਲੋਪੋਕੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਐੱਸਐੱਸਪੀ

ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਤਸਕਰੀ ਦੇ ਧੰਦੇ ਵਿੱਚ ਦੋ ਵਿਅਕਤੀਆਂ ਜਗਦੀਸ਼ ਭੂਰਾ ਅਤੇ ਜਸਪਾਲ ਸਿੰਘ ਵਾਸੀ ਗੱਟੀ ਰਾਜੋਕੇ ਜ਼ਿਲ੍ਹਾ ਗੁਰਦਾਸਪੁਰ ਦੇ ਨਾਂ ਸਾਹਮਣੇ ਆਏ ਹਨ। ਇਨ੍ਹਾਂ ਦੇ ਉਕਤ ਪਾਕਿਸਤਾਨੀ ਤਸਕਰ ਨਾਲ ਸਬੰਧ ਹਨ ਅਤੇ ਉਹ ਦੇਸ਼ ਵਿਰੋਧੀ ਸਰਗਰਮੀਆਂ ਵਿੱਚ ਸ਼ਾਮਲ ਹਨ। ਇਨ੍ਹਾਂ ਦੋਵਾਂ ਨੂੰ ਦਰਜ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਭਿੱਖੀਵਿੰਡ(ਨਰਿੰਦਰ ਸਿੰਘ): ਜ਼ਿਲ੍ਹਾ ਤਰਨ ਤਾਰਨ ਵਿਚ ਪੈਂਦੇ ਭਾਰਤ-ਪਾਕਿ ਸਰਹੱਦੀ ਸੈਕਟਰ ਖੇਮਕਰਨ ਵਿਚ ਤਾਇਨਾਤ ਬੀਐੱਸਐੱਫ ਦੀ 14ਵੀਂ ਬਟਾਲੀਅਨ ਨੇ ਸਰਹੱਦ ਪਾਰੋਂ ਭੇਜੀ 30 ਪੈਕਟ ਹੈਰੋਇਨ ਸਮੇਤ ਇਕ ਪਾਕਿਸਤਾਨੀ ਤਸਕਰ ਨੂੰ ਕਾਬੂ ਕੀਤਾ ਹੈ। ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ ਡੇਢ ਅਰਬ ਦੱਸੀ ਜਾਂਦੀ ਹੈ। ਤਸਕਰ ਦੀ ਪਛਾਣ ਅਮਜ਼ਦ ਅਲੀ(20) ਪੁੱਤਰ ਅਬਦੁਲ ਵਾਜ਼ਿਦ ਵਾਸੀ ਪਿੰਡ ਖੜਕ ਤਹਿਸੀਲ ਸ਼ਾਲਾਮਾਰ ਥਾਣਾ ਮਾਨਿਹਾਲਾ ਜ਼ਿਲ੍ਹਾ ਲਾਹੌਰ ਵਜੋਂ ਹੋਈ ਹੈ। ਡੀਆਈਜੀ ਐੱਸ ਕੇ ਮਹਿਤਾ ਨੇ ਦੱਸਿਆ ਕਿ ਬੀਤੀ ਰਾਤ ਸਰਹੱਦ ਪਾਰੋਂ ਦੋ ਪਾਕਿਸਤਾਨੀ ਤਸਕਰ ਪਾਈਪ ਰਾਹੀਂ ਹੈਰੋਇਨ ਭਾਰਤੀ ਖੇਤਰ ਵਿਚ ਸੁੱਟ ਰਹੇ ਹਨ। ਬੀਐੱਸਐਫ਼ ਨੇ ਇਸ ਦੌਰਾਨ ਕੁਝ ਰਾਊਂਡ ਫਾਇਰ ਵੀ ਕੀਤੇ। ਤਲਾਸ਼ੀ ਦੌਰਾਨ ਮੀਆਂਵਾਲ ਉਤਾੜ ਦੀਆਂ ਦੋ ਪੋਸਟਾਂ ਤੋਂ ਇੱਕ ਜਗ੍ਹਾ 9 ਪੈਕੇਟ ਅਤੇ ਦੂਜੀ ਜਗ੍ਹਾ 21 ਪੈਕੇਟ ਹੈਰੋਇਨ ਬਰਾਮਦ ਕੀਤੀ ਗਈ। ਇਸ ਦੌਰਾਨ ਇਕ ਪਾਕਿ ਤਸਕਰ ਉਨ੍ਹਾਂ ਦੇ ਹੱਥ ਲੱਗ ਗਿਆ, ਜਿਸ ਦੇ ਕਬਜ਼ੇ ਵਿਚੋਂ ਦੋ ਮੋਬਾਈਲ, ਇੱਕ ਪਾਵਰ ਬੈਂਕ ਤੇ ਸਮਗਲਿੰਗ ਲਈ ਲਿਆਂਦੀਆਂ 2 ਪਲਾਸਟਿਕ ਦੀਆਂ ਪਾਈਪਾਂ ਵੀ ਬਰਾਮਦ ਕੀਤੀਆਂ ਗਈਆਂ ਹਨ।

ਫ਼ਿਰੋਜ਼ਪੁਰ(ਸੰਜੀਵ ਹਾਂਡਾ): ਫ਼ਿਰੋਜ਼ਪੁਰ ’ਚ ਨਾਰਕੋਟਿਕ ਕੰਟਰੋਲ ਸੈੱਲ ਦੇ ਅਧਿਕਾਰੀਆਂ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ ਸੱਤ ਕਿਲੋ ਇੱਕ ਸੌ ਦਸ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਕੌਮਾਂਤਰੀ ਬਾਜ਼ਾਰ ਵਿਚ ਇਸ ਦੀ ਕੀਮਤ ਪੈਂਤੀ ਕਰੋੜ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ। ਫੜੇ ਗਏ ਤਸਕਰ ਦੀ ਪਛਾਣ ਰਾਜ ਸਿੰਘ ਉਰਫ਼ ਰਾਜੂ ਵਜੋਂ ਹੋਈ ਹੈ, ਜੋ ਇਥੋਂ ਦੇ ਸਰਹੱਦੀ ਪਿੰਡ ਟੇਂਡੀ ਵਾਲਾ ਦਾ ਵਸਨੀਕ ਹੈ। ਪੁਲੀਸ ਨੇ ਪਹਿਲਾਂ ਰਾਜ ਸਿੰਘ ਕੋਂਲੋਂ ਇੱਕ ਸੌ ਦਸ ਗ੍ਰਾਮ ਹੈਰੋਇਨ ਬਰਾਮਦ ਕੀਤੀ ਤੇ ਮਗਰੋਂ ਉਸ ਦੀ ਨਿਸ਼ਾਨਦੇਹੀ ’ਤੇ ਸਰਹੱਦ ਲਾਗਿਉਂ ਸੱਤ ਕਿਲੋ ਹੈਰੋਇਨ ਹੋਰ ਬਰਾਮਦ ਹੋਈ।

Source link

Leave a Reply

Your email address will not be published. Required fields are marked *