ਵਿਸਵ ਦਾ ਮਹਾਨ ਚਿੱਤਰਕਾਰ ਪਾਬਲੋ ਪਿਕਾਸੋ | ਪੰਜਾਬੀ ਅਖ਼ਬਾਰ | Australia & New Zealand Punjbai News

(8 ਅਪਰੈਲ 2021 ਬਰਸੀ ਤੇ ਵਿਸੇਸ਼)

ਪਿਆਰ ਇੱਕ ਅਜਿਹੀ ਸੁਨਹਿਰੀ ਤੰਦ ਹੁੰਦੀ ਹੈ, ਜਿਸ ਵਿੱਚ ਪਰੋਏ ਗਏ ਮਣਕੇ ਦੀ ਅਹਿਮੀਅਤ ਦਾ ਨਾ ਕੋਈ ਸਿਰਾ ਲੱਭਦਾ ਹੈ ਅਤੇ ਨਾ ਉਸਦੀ ਕੀਮਤ ਦਾ ਕੋਈ ਸਿਖ਼ਰ। ਜੇ ਪਿਆਰ ਦੀ ਤਸਵੀਰ ਦੀ ਕੀਮਤ ਹੀ ਦਰਜਨਾਂ ਕਰੋੜ ਰੁਪਏ ਦੀ ਹੱਦ ਲੰਘ ਜਾਵੇ ਤਾਂ ਪਿਆਰ ਦੀ ਕੀਮਤ ਦਾ ਅੰਦਾਜ਼ਾ ਲਾਉਣਾ ਕਿਸੇ ਦੇ ਵੱਸ ਵਿੱਚ ਨਹੀਂ। ਇਹ ਵਿਚਾਰ ਉਦੋਂ ਜਿਹਨ ਵਿੱਚ ਉਪਜੇ ਸਨ, ਜਦੋਂ ਪਾਬਲੋ ਪਿਕਾਸੋ ਵੱਲੋਂ ਬਣਾਈ ‘ਮੈਰੀ ਥੈਰੀਜ ਵੈਲਟਰ’ ਦੀ ਪੇਟਿੰਗ ਨਿਲਾਮੀ ਲਈ ਲੰਡਨ ਦੇ ਨਿਲਾਮ ਘਰ ਵਿੱਚ ਰੱਖਣ ਦਾ ਫੈਸਲਾ ਹੋਇਆ ਸੀ, ਜਿਸਦੀ ਕੀਮਤ ਭਾਰਤੀ ਕਰੰਸੀ ਅਨੁਸਾਰ ਕਰੋੜ ਰੁਪਏ ਤਹਿ ਕੀਤੀ ਗਈ ਸੀ।

ਸਪੇਨ ਦੇ ਸ਼ਹਿਰ ਮਾਲਾਗਾ ਦੇ ਆਰਟ ਟੀਚਰ ਰੂਈਸ ਵਾਈ ਪਿਕਾਸੋ ਦੇ ਘਰ 25 ਅਕਤੂਬਰ 1881 ਨੂੰ ਇੱਕ ਪੁੱਤਰ ਨੇ ਜਨਮ ਲਿਆ, ਜਿਸਦਾ ਨਾਂ ਪਾਬਲੋ ਪਿਕਾਸੋ ਰੱਖਿਆ ਗਿਆ। ਪਿਤਾ ਵੱਲੋਂ ਮਿਲੇ ਗੁਣਾਂ ਸਦਕਾ ਉਹ 9 ਸਾਲ ਦੀ ਉਮਰ ਵਿੱਚ ਹੀ ਤਸਵੀਰਾਂ ਬਣਾਉਣ ਲੱਗ ਪਿਆ। ਪਿਤਾ ਨੇ ਉਸਨੂੰ ਰਾਇਲ ਅਕੈਡਮੀ ਐਟ ਸੈਨ ਫਰਨੈਂਡੋ ਬਰਸੀਲੋਨਾ ਵਿਖੇ ਆਰਟ ਦੀ ਉੱਚ ਵਿੱਦਿਆ ਲੈਣ ਲਈ ਭੇਜ ਦਿੱਤਾ ਅਤੇ 1904 ਵਿੱਚ ਉਹ ਪੈਰਿਸ ਵਿੱਚ ਪੱਕੇ ਤੌਰ ਤੇ ਰਹਿਣ ਲੱਗ ਗਿਆ। ਇਸ ਉਪਰੰਤ ਉਸਨੇ ਜਾਰਜ ਬਰੈਕਿਊ ਨਾਲ ਮਿਲ ਕੇ ਆਰਟ ਦੀ ਨਵੀਂ ਵਿਧਾ ਕਿਊਬਇਜ਼ਮ ਦੀ ਸਥਾਪਨਾ ਕੀਤੀ। ਇਸਤੋਂ ਇਲਾਵਾ ਕੋਲਾਜ਼ ਮੇਕਿੰਗ ਦੇ ਖੋਜੀਆਂ ਵਿੱਚ ਵੀ ਉਸਦਾ ਨਾਂ ਲਿਆ ਜਾਂਦਾ ਹੈ। 1907 ਵਿੱਚ ਉਸਨੇ ‘ਲੈਸ ਡੀਮੌਸਿਲਿਜ਼ ਆਫ ਐਵਗਿਨਨ’ ਨਾਂ ਦਾ ਚਿੱਤਰ ਬਣਾਇਆ ਜੋ ਦੁਨੀਆਂ ਦੇ ਪ੍ਰਸਿੱਧ ਚਿੱਤਰਾਂ ਵਿੱਚ ਸਾਮਲ ਹੈ।
ਇਸੇ ਦੌਰਾਨ ਪਿਕਾਸੋ ਨੇ ਓਲਗਾ ਖੁਸ਼ਖੁਲੋਵਾ ਨਾਲ ਸ਼ਾਦੀ ਕਰਵਾ ਲਈ ਅਤੇ ਆਰਟ ਦੇ ਨਾਲ ਨਾਲ ਪਰਿਵਾਰਕ ਜੁੰਮੇਵਾਰੀਆਂ ਵੀ ਨਿਭਾਉਣੀਆਂ ਸੁਰੂ ਕਰ ਦਿੱਤੀਆ। ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਇਸੇ ਦੌਰ ਵਿੱਚ ਸਾਲ 1927 ਵਿੱਚ ਉਸਨੂੰ ਇੱਕ 17 ਸਾਲਾ ਲੜਕੀ ਮੈਰੀ ਥੈਰੀਜ ਮਿਲੀ, ਜੋ ਚਿੱਤਰਕਾਰ ਵੀ ਸੀ। ਉਸਦੀ ਪਿਕਾਸੋ ਨਾਲ ਲਗਾਤਾਰ ਮਿਲਣੀ ਪਿਆਰ ਵਿੱਚ ਬਦਲ ਗਈ ਅਤੇ ਇਹ ਪਿਆਰ ਜਲਦੀ ਹੀ ਸਿਖ਼ਰਾਂ ਤੇ ਪੁੱਜ ਗਿਆ ਅਤੇ ਉਹਨਾਂ ਦੇ ਜਿਨਸੀ ਸਬੰਧ ਬਣ ਗਏ। 1932 ਵਿੱਚ ਪਿਕਾਸੋ ਨੇ ਆਪਣੀ ਇਸ ਮਹਿਬੂਬਾ ਦਾ ਚਿੱਤਰ ਬਣਾਇਆ, ਇਹ ਚਿੱਤਰ ਬਣਾਉਣ ਸਮੇਂ ਰੰਗਾਂ ਵਿੱਚ ਘੁਲੇ ਪਿਆਰ ਨੇ ਉਸਦੀ ਧੁਰ ਅੰਦਰ ਦੀ ਰੀਝ ਪੂਰੀ ਕੀਤੀ। 1935 ਵਿੱਚ ਮੈਰੀ ਥੈਰੀਜ ਗਰਭਵਤੀ ਹੋ ਗਈ ਤਾਂ ਉਹਨਾਂ ਦੇ ਸਬੰਧਾਂ ਦਾ ਪਰਦਾਫਾਸ਼ ਹੋ ਗਿਆ ਅਤੇ ਪਿਕਾਸੋ ਦੀ ਪਤਨੀ ਨੇ ਦੋਵਾਂ ਨੂੰ ਅਲੱਗ ਅਲੱਗ ਰਹਿਣ ਲਈ ਮਜਬੂਰ ਕਰ ਦਿੱਤਾ। ਮੈਰੀ ਨੇ ਵੱਖ ਰਹਿੰਦਿਆਂ ਇੱਕ ਪੁੱਤਰੀ ਨੂੰ ਜਨਮ ਦਿੱਤਾ।

ਇਸ ਸਮੇਂ ਤੱਕ ਪਿਕਾਸੋ ਦਾ ਨਾਂ ਵੀਹਵੀਂ ਸਦੀ ਦੇ ਮਹਾਨ ਚਿੱਤਰਕਾਰਾਂ, ਬੁੱਤਘਾੜਿਆਂ ਤੇ ਸਟੇਜ ਡਿਜਾਇਨਰਾਂ ਵਿੱਚ ਸਾਮਲ ਹੋ ਗਿਆ ਸੀ। 1937 ਵਿੱਚ ਉਸਦਾ ਬਣਾਇਆ ਚਿੱਤਰ ‘ਗੁਨੀਮਿਕਾ’ ਬਹੁਤ ਪ੍ਰਸਿੱਧ ਹੋਇਆ, ਜੋ ਸਪੇਨ ਦੀ ਘਰੇਲੂ ਲੜਾਈ ਮੌਕੇ ਰਾਸ਼ਟਰਵਾਦੀ ਤਾਕਤਾਂ ਦੇ ਇਸ਼ਾਰੇ ਤੇ ਜਰਮਨ ਤੇ ਇਟਾਲਵੀ ਯੁੱਧ ਦੇ ਜਹਾਜਾਂ ਵੱਲੋਂ ਪਿੰਡ ਬਾਸਕ ਵਿਖੇ ਕੀਤੀ ਬੰਬਾਰੀ ਦਾ ਦ੍ਰਿਸ਼ ਪਰਤੱਖ ਕਰਦਾ ਹੈ ਅਤੇ ਨਾਜ਼ੀ ਹਮਲਾਵਰਾਂ ਵਿਰੁੱਧ ਰੋਸ ਪ੍ਰਗਟਾਉਂਦਾ ਹੈ। ਇਸਤੋਂ ਇਲਾਵਾ ‘ਦੀ ਸਿਕਾਗੋ ਪਿਕਾਸੋ’ ਨਾਂ ਦੀ ਉਸਨੇ ਇੱਕ ਪੰਜਾਹ ਫੁੱਟ ਉੱਚੀ ਮੂਰਤੀ ਬਣਾਈ, ਜਿਸਦੀ ਉਸ ਸਮੇਂ ਕੀਮਤ ਇੱਕ ਲੱਖ ਡਾਲਰ ਤਹਿ ਕੀਤੀ ਗਈ ਸੀ, ਪਰ ਪਿਕਾਸੋ ਨੇ ਇਹ ਰਕਮ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਇਹ ਮੂਰਤੀ ਸ਼ਹਿਰ ਵਾਸੀਆਂ ਨੂੰ ਸਮਰਪਿਤ ਕਰ ਦਿੱਤੀ। ‘ਦੀ ਵੀਪਿੰਗ ਵੋਮੈਨ’ ਵੀ ਉਸਦੀ ਸੰਸਾਰ ਪੱਧਰ ਦੀ ਕਲਾਕ੍ਰਿਤੀ ਹੈ। ਉਸਨੇ ਆਪਣੇ ਜੀਵਨ ਭਰ ਵਿੱਚ ਕਰੀਬ 20 ਹਜ਼ਾਰ ਚਿੱਤਰ ਅਤੇ ਕਲਾਕ੍ਰਿਤੀਆਂ ਬਣਾਈਆਂ। ਉਸ ਦੀਆਂ ਬਣਾਈਆਂ ਪੇਟਿੰਗਾਂ ਭਾਰਤੀ ਕਰੰਸੀ ਅਨੁਸਾਰ ਕਰੋੜਾਂ ਰੁਪਏ ਦੀ ਕੀਮਤ ਨਾਲ ਵਿਕਦੀਆਂ ਰਹੀਆਂ।
ਉਸ ਵੱਲੋਂ ਆਪਣੀ ਪ੍ਰੇਮਿਕਾ ਮੈਰੀ ਥੈਰੀਜ਼ ਦਾ 1932 ਵਿੱਚ ਬਣਾਇਆ ਉਹ ਚਿੱਤਰ ਹੀ ਹੈ, ਜਿਸਨੂੰ ਲੰਡਨ ਦੇ ‘ਸੋਬਬੀ ਨਿਲਾਮ ਘਰ’ ਵਿੱਚ ਨਿਲਾਮੀ ਲਈ ਰੱਖਿਆ ਗਿਆ ਸੀ। 8 ਅਪਰੈਲ 1973 ਨੂੰ ਉਹ ਫਰਾਂਸ ਦੇ ਸ਼ਹਿਰ ਮੰਗਿਨਜ਼ ਵਿੱਚ ਆਪਣੇ ਕਲਾ ਪ੍ਰੇਮੀਆਂ ਨੂੰ ਅਲਵਿਦਾ ਕਹਿ ਗਿਆ। ਅੱਜ ਵੀ ਦੁਨੀਆਂ ਭਰ ਵਿੱਚ ਜਦੋਂ ਵੀ ਕਿਤੇ ਚਿਤਰਕਲਾ ਜਾਂ ਕਲਾਕ੍ਰਿਤੀਆਂ ਬਾਰੇ ਮਹਿਫ਼ਲ ਜੁੜਦੀ ਹੈ, ਤਾਂ ਪਾਬਲੋ ਪਿਕਾਸੋ ਦਾ ਨਾਂ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ।

Source link

Leave a Reply

Your email address will not be published. Required fields are marked *