ਦਿੱਲੀ ਪੁਲੀਸ ਦੀ ਪੰਜਾਬ ’ਚ ਕਾਰਵਾਈ ਤੋਂ ਕੈਪਟਨ ਸਰਕਾਰ ’ਤੇ ਸਵਾਲ ਉੱਠੇ

ਚਰਨਜੀਤ ਭੁੱਲਰ

ਚੰਡੀਗੜ੍ਹ, 11 ਅਪਰੈਲ

ਗੁਰਦੀਪ ਸਿੰਘ ਸਿਧਾਣਾ ਦੇ ਮਾਮਲੇ ’ਚ ਦਿੱਲੀ ਪੁਲੀਸ ਵੱਲੋਂ ਪੰਜਾਬ ਪੁਲੀਸ ਨੂੰ ਹਨੇਰੇ ’ਚ ਰੱਖੇ ਜਾਣ ਤੋਂ ਕੈਪਟਨ ਸਰਕਾਰ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਨੌਜਵਾਨ ਆਗੂ ਲੱਖਾ ਸਿਧਾਣਾ, ਜੋ ਦਿੱਲੀ ਪੁਲੀਸ ਨੂੰ 26 ਜਨਵਰੀ ਦੀ ਘਟਨਾ ਦੇ ਮਾਮਲੇ ’ਚ ਲੋੜੀਦਾ ਹੈ, ਦੇ ਭਰਾ ਗੁਰਦੀਪ ਸਿੰਘ ਉਰਫ਼ ਮੁੰਡੀ ਸਿਧਾਣਾ ਨੂੰ ਦਿੱਲੀ ਪੁਲੀਸ ਵੱਲੋਂ 8 ਅਪਰੈਲ ਨੂੰ ਪਟਿਆਲਾ ਤੋਂ ਚੁੱਕੇ ਜਾਣ ਦਾ ਪਤਾ ਲੱਗਾ ਹੈ।

ਦਿੱਲੀ ਪੁਲੀਸ ਵੱਲੋਂ ਅੰਬਾਲਾ ’ਚ ਛੱਡਣ ਮਗਰੋਂ ਮੁੰਡੀ ਸਿਧਾਣਾ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ, ਜਿਥੋਂ ਉਸ ਨੂੰ ਲੁਧਿਆਣਾ ਲਈ ਰੈਫਰ ਕਰ ਦਿੱਤਾ ਹੈ। ਬਠਿੰਡਾ ਪੁਲੀਸ ਵੱਲੋਂ ਗੁਰਦੀਪ ਸਿੰਘ ਸਿਧਾਣਾ ਦੇ ਬਿਆਨ ਕਲਮਬੰਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਕਾਂਗਰਸੀ ਵਿਧਾਇਕ ਅਤੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਅੱਜ ਟਵੀਟ ਕਰਕੇ ਪੰਜਾਬ ਸਰਕਾਰ ਨੂੰ ਤਾਹਨਾ ਮਾਰਿਆ ਹੈ। ਨਵਜੋਤ ਸਿੱਧੂ ਨੇ ਗੁਰਦੀਪ ਸਿਧਾਣਾ ਦੇ ਹਵਾਲੇ ਨਾਲ ਕਿਹਾ, ‘‘ਸ਼ਰਮਨਾਕ ਹੈ ਕਿ ਦਿੱਲੀ ਪੁਲੀਸ ਪੰਜਾਬ ਦੇ ਅਧਿਕਾਰ ਖੇਤਰ ਵਿਚ ਆ ਕੇ ਪੰਜਾਬੀਆਂ ’ਤੇ ਤਸ਼ੱਦਦ ਕਰ ਰਹੀ ਹੈ।’’ ਉਨ੍ਹਾਂ ਸਵਾਲ ਉਠਾਇਆ ਕਿ ਇਹ ਪੰਜਾਬ ਸਰਕਾਰ ਦੇ ਅਧਿਕਾਰਾਂ ਦੀ ਉਲੰਘਣਾ ਹੈ ਅਤੇ ਆਖਰ ਇਹ ਕਿਸ ਦੀ ਸ਼ਹਿ ’ਤੇ ਹੋ ਰਿਹਾ ਹੈ। ਸਿੱੱਧੂੁ ਨੇ ਕਿਹਾ, ‘‘ਸਾਨੂੰ ਮਮਤਾ ਬੈਨਰਜੀ ਤੋਂ ਸਬਕ ਸਿੱਖਣਾ ਚਾਹੀਦਾ ਹੈ, ਜਿਸ ਨੇ ਪੱਛਮੀ ਬੰਗਾਲ ਦੇ ਅਧਿਕਾਰ ਖੇਤਰ ਵਿੱਚ ਘੁਸਪੈਠ ਕਰਨ ’ਤੇ ਸੀਬੀਆਈ ਅਧਿਕਾਰੀਆਂ ਨੂੰ ਵੀ ਜੇਲ੍ਹ ਭੇਜ ਦਿੱਤਾ ਸੀ।’’

ਇਸੇ ਦੌਰਾਨ ਪੀੜਤ ਗੁਰਦੀਪ ਸਿਧਾਣਾ ਦਾ ਕਹਿਣਾ ਹੈ ਕਿ ਦਿੱਲੀ ਪੁਲੀਸ ਉਸ ਨੂੰ ਅੱਠ ਅਪਰੈਲ ਨੂੰ ਪਟਿਆਲਾ ਦੀ ਯੂਨੀਵਰਸਿਟੀ ਸੜਕ ਤੋਂ ਚੁੱਕ ਕੇ ਦਿੱਲੀ ਦੇ ਜਨਕਪੁਰੀ ਪੁਲੀਸ ਸਟੇਸ਼ਨ ਲੈ ਗਈ, ਜਿਥੇ ਉਸ ’ਤੇ ਤਸ਼ੱਦਦ ਕੀਤਾ ਗਿਆ। ਇਸ ਦੌਰਾਨ ਉਸ ਤੋਂ ਲੱਖਾ ਸਿਧਾਣਾ ਬਾਰੇ ਪੁੱਛਿਆ ਗਿਆ ਅਤੇ ਦੂਸਰੇ ਦਿਨ ਦਿੱਲੀ ਪੁਲੀਸ ਉਸ ਨੂੰ ਅੰਬਾਲਾ ਛੱਡ ਕੇ ਚਲੀ ਗਈ। ਮਗਰੋਂ ਪੰਚਾਇਤ ਨੇ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਾਇਆ। ਉਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਹਨ। ਬਠਿੰਡਾ ਦੇ ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਗੁਰਦੀਪ ਸਿੰਘ ਦੇ ਬਿਆਨ ਲਿਖ ਲਏ ਗਏ ਹਨ ਅਤੇ ਪੜਤਾਲ ਕੀਤੀ ਜਾ ਰਹੀ ਹੈ।

ਦਿੱਲੀ ਪੁਲੀਸ ’ਤੇ ਕੇਸ ਦਰਜ ਹੋਵੇ: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਪੁਲੀਸ ਵੱਲੋਂ ਮੁੰਡੀ ਸਿਧਾਣਾ ’ਤੇ ਤਸ਼ੱਦਦ ਢਾਹੁਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਵਾਲੇ ਸੂਬੇ ਦੇ ਨੌਜਵਾਨਾਂ ’ਤੇ ਢਾਹੇ ਜਾ ਰਹੇ ਤਸ਼ੱਦਦ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਨ੍ਹਾਂ ਸਵਾਲ ਚੁੱਕਿਆ ਕਿ ਮੁੱਖ ਮੰਤਰੀ ਆਪਣੇ ਅਧਿਕਾਰ ਖੇਤਰ ਵਿਚ ਦਿੱਲੀ ਪੁਲਿਸ ਨੂੰ ਆਗਿਆ ਕਿਉਂ ਦੇ ਰਹੇ ਹਨ। ਇਹ ਤੁਰੰਤ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੰਡੀ ਸਿਧਾਣਾ ’ਤੇ ਤਸ਼ੱਦਦ ਢਾਹੁਣ ਵਾਲੀ ਦਿੱਲੀ ਪੁਲੀਸ ਦੀ ਟੀਮ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ।

ਲੱਖਾ ਸਿਧਾਣਾ ਵੱਲੋਂ ਦਿੱਲੀ ਪੁਲੀਸ ’ਤੇ ਚਚੇਰੇ ਭਰਾ ਦੀ ਕੁੱਟਮਾਰ ਦਾ ਦੋਸ਼

ਬਠਿੰਡਾ (ਪੱਤਰ ਪ੍ਰੇਰਕ): ਨੌਜਵਾਨ ਆਗੂ ਲੱਖਾ ਸਿਧਾਣਾ ਨੇ ਦਿੱਲੀ ਪੁਲੀਸ ’ਤੇ ਆਪਣੇ ਚਚੇਰੇ ਭਰਾ ਗੁਰਦੀਪ ਸਿੰਘ ਮੁੰਡੀ ਦੀ ਕੁੱਟਮਾਰ ਅਤੇ ਤਸ਼ੱਦਦ ਢਾਹੁਣ ਦੇ ਦੋਸ਼ ਲਾਏ ਹਨ। ਲੱਖਾ ਸਿਧਾਣਾ ਨੇ ਕਿਹਾ ਕਿ ਦਿੱਲੀ ਪੁਲੀਸ ਨੇ ਗੁਰਦੀਪ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਨੂੰ ਅੰਬਾਲੇ ਛੱਡ ਦਿੱਤਾ। ਉਸ ਨੇ ਕਿਸਾਨਾਂ ਅਤੇ ਪੰਜਾਬੀਆਂ ਨੂੰ ਇਕੱਠੇ ਰਹਿਣ ਦੀ ਅਪੀਲ ਕੀਤੀ ਹੈ।

Source link

Leave a Reply

Your email address will not be published. Required fields are marked *