ਕੋਵਿਡ-19 ਕੇਸਾਂ ’ਚ ਰਿਕਾਰਡ ਵਾਧਾ ਜਾਰੀ

ਨਵੀਂ ਦਿੱਲੀ, 12 ਅਪਰੈਲ

ਪਿਛਲੇ 24 ਘੰਟਿਆਂ ਵਿੱਚ ਰਿਕਾਰਡ 1,69,912 ਨਵੇਂ ਕੇਸ ਸਾਹਮਣੇ ਆਉਣ ਨਾਲ ਦੇਸ਼ ਵਿੱਚ ਕਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 1,35,27,717 ਨੂੰ ਅੱਪੜ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕੋਵਿਡ-19 ਦੀ ਲਾਗ ਤੋਂ ਸਿਹਤਯਾਬ ਹੋਣ ਵਾਲਿਆਂ ਦੀ ਦਰ 90 ਫੀਸਦ ਤੋਂ ਘੱਟ ਕੇ 89.96 ਫੀਸਦ ਰਹਿ ਗਈ ਹੈ। ਇਸ ਦੌਰਾਨ ਇਕੋ ਦਿਨ ਵਿੱਚ 904 ਹੋਰ ਮੌਤਾਂ ਨਾਲ ਕਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,70,179 ਹੋ ਗਈ ਹੈ। ਪਿਛਲੇ ਸਾਲ 18 ਅਕਤੂਬਰ ਮਗਰੋਂ ਇਕ ਦਿਨ ਕਰੋਨਾ ਕਰ ਕੇ ਮੌਤ ਦੇ ਮੂੰਹ ਪੈਣ ਵਾਲਿਆਂ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ 12 ਲੱਖ ਦੇ ਅੰਕੜੇ ਨੂੰ ਟੱਪ ਗਈ ਹੈ, ਜੋ ਕੁੱਲ ਕੇਸ ਲੋਡ ਦਾ 8.88 ਫੀਸਦ ਹੈ। ਪਿਛਲੇ ਮਹੀਨੇ 12 ਫਰਵਰੀ ਨੂੰ ਸਰਗਰਮ ਕੋਵਿਡ ਕੇਸਾਂ ਦੀ ਗਿਣਤੀ 1,35,926 ਨਾਲ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਸੀ, ਜਦੋਂਕਿ ਪਿਛਲੇ ਸਾਲ 18 ਸਤੰਬਰ ਨੂੰ 10,17,754 ਕੇਸਾਂ ਨਾਲ ਇਹ ਅੰਕੜਾ ਸਿਖਰ ਸੀ। ਅੰਕੜਿਆਂ ਮੁਤਾਬਕ ਹੁਣ ਤੱਕ 1,21,56,529 ਮਰੀਜ਼ ਕਰੋਨਾ ਦੀ ਲਾਗ ਨੂੰ ਮਾਤ ਦੇ ਕੇ ਸਿਹਤਯਾਬ ਹੋਣ ਵਿੱਚ ਸਫ਼ਲ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਹੋਈਆਂ 904 ਹੋਰ ਮੌਤਾਂ ’ਚੋਂ ਮਹਾਰਾਸ਼ਟਰ ਵਿੱਚ 349, ਛੱਤੀਸਗੜ੍ਹ ਵਿੱਚ 122, ਉੱਤਰ ਪ੍ਰਦੇਸ਼ 67, ਪੰਜਾਬ 59, ਗੁਜਰਾਤ 54, ਦਿੱਲੀ 48, ਕਰਨਾਟਕ 40, ਮੱਧ ਪ੍ਰਦੇਸ਼ 24, ਤਾਮਿਲ ਨਾਡੂ 22, ਝਾਰਖੰਡ 21, ਕੇਰਲਾ ਤੇ ਹਰਿਆਣਾ ਵਿੱਚ 16-16 ਅਤੇ ਰਾਜਸਥਾਨ ਤੇ ਪੱਛਮੀ ਬੰਗਾਲ ਵਿੱਚ 10-10 ਵਿਅਕਤੀ ਕਰੋਨਾ ਕਰ ਕੇ ਦਮ ਤੋੜ ਗਏ। -ਪੀਟੀਆਈ 

ਕੈਪਟਨ ਨੇ ਕਰੋਨਾ ਵੈਕਸੀਨ ਦੀ ਦੂਜੀ ਡੋਜ਼ ਲਵਾਈ

ਚੰਡੀਗੜ੍ਹ(ਟਨਸ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਤੋਂ ਬਚਾਅ ਲਈ ਅੱਜ ਟੀਕੇ ਦੀ ਦੂਜੀ ਖੁਰਾਕ ਲਵਾਈ। ਇਸ ਦੌਰਾਨ ਮੁੱਖ ਮੰਤਰੀ ਨੇ ਸਾਰੇ ਯੋਗ ਵਿਅਕਤੀਆਂ ਨੂੰ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੀ ਅਤੇ ਆਪਣੇ ਪਰਿਵਾਰਾਂ ਤੇ ਸਮਾਜ ਦੀ ਸੁਰੱਖਿਆ ਲਈ ਅੱਗੇ ਆ ਕੇ ਆਪਣਾ ਟੀਕਾਕਰਨ ਕਰਵਾਉਣ। ਮੁੱਖ ਮੰਤਰੀ ਨੇ ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ ਪਿਛਲੇ ਮਹੀਨੇ ਲਈ ਸੀ।

ਪੰਜਾਬ: ਕੋਰੋਨਾ ਨੇ 52 ਹੋਰ ਵਿਅਕਤੀਆਂ ਦੀ ਜਾਨ ਲਈ 

ਚੰਡੀਗੜ੍ਹ (ਟਨਸ): ਪੰਜਾਬ ਵਿੱਚ ਜਾਰੀ ਕਰੋਨਾ ਦੇ ਕਹਿਰ ਦੇ ਚਲਦਿਆਂ ਪਿਛਲੇ ਇੱਕ ਦਿਨ ਦੌਰਾਨ ਇਸ ਵਾਇਰਸ ਨੇ 52 ਹੋਰ ਵਿਅਕਤੀਆਂ ਦੀ ਜਾਨ ਲੈ ਲਈ ਹੈ। ਸੂਬੇ ਵਿੱਚ ਇਸ ਸਮੇਂ ਦੌਰਾਨ 3477 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਸੂਬੇ ਵਿੱਚ ਹੁਣ ਤੱਕ 7559  ਵਿਅਕਤੀਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਪੰਜਾਬ ਵਿੱਚ ਕਰੋਨਾ ਦੇ ਨਵੇਂ ਰੂਪ, ਜੋ ਕਿ ਬਰਤਾਨੀਆਂ ਤੋਂ ਸ਼ੁਰੂ ਹੋਇਆ ਦੇ ਲੱਛਣ ਸਾਹਮਣੇ ਆ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਵੀ ਪੰਜਾਬ ਵਿੱਚ ਵਧ ਰਹੇ ਕਰੋਨਾ ਦੇ ਮਾਮਲਿਆਂ ’ਤੇ ਚਿੰਤਾ ਪ੍ਰਗਟ ਕੀਤੀ ਹੈ। ਅੰਮ੍ਰਿਤਸਰ ਤੇ ਹੁਸ਼ਿਆਰਪੁਰ ’ਚ 8-8, ਗੁਰਦਾਸਪੁਰ, ਜਲੰਧਰ, ਲੁਧਿਆਣੇ, ਪਟਿਆਲ਼ਾ ’ਚ 5-5, ਕਪੂਰਥਲਾ ’ਚ 3,ਫਰੀਦਕੋਟ,  ਪਠਾਨਕੋਟ, ਰੋਪੜ, ’ਚ 2-2, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਫ਼ਿਰੋਜ਼ਪੁਰ, ਮੁਹਾਲੀ, ਮੁਕਤਸਰ, ਨਵਾਂ ਸ਼ਹਿਰ, ਤਰਨਤਾਰਨ, ’ਚ ਇੱਕ- ਇਕ ਵਿਅਕਤੀ ਦੀ ਮੌਤ ਹੋਈ ਹੈ।

ਮੋਦੀ ਤੇ ਨਾਇਡੂ ਭਲਕੇ ਰਾਜਪਾਲਾਂ ਨਾਲ ਕੋਵਿਡ ਦੀ ਸਥਿਤੀ ’ਤੇ ਕਰਨਗੇ ਚਰਚਾ

ਨਵੀਂ ਦਿੱਲੀ: ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਵੱਖ-ਵੱਖ ਰਾਜਾਂ ਦੇ ਰਾਜਪਾਲਾਂ ਨਾਲ ਕੋਵਿਡ-19 ਦੀ ਸਥਿਤੀ ਬਾਰੇ ਵਿਚਾਰ-ਚਰਚਾ ਕਰਨਗੇ। ਮਹਾਮਾਰੀ ਦੌਰਾਨ ਇਸ ਤਰ੍ਹਾਂ ਦੀ ਇਹ ਅਜਿਹੀ ਪਹਿਲੀ ਬੈਠਕ ਹੋਵੇਗੀ। ਕੇਂਦਰ ਸਰਕਾਰ ਮਹਾਮਾਰੀ ਨਾਲ ਜੁੜੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਯਤਨ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਮੋਦੀ ਨੇ ਮੁੱਖ ਮੰਤਰੀਆਂ ਨਾਲ ਹੋਈ ਵੀਡੀਓ ਕਾਨਫਰੰਸ ਵਿਚ ਕਿਹਾ ਸੀ ਕਿ ਮਹਾਮਾਰੀ ਨਾਲ ਨਜਿੱਠਣ ਲਈ ਰਾਜਪਾਲਾਂ ਦੀ ਵੀ ਮਦਦ ਲਈ ਜਾਵੇ। ਇਸ ਤੋਂ ਇਲਾਵਾ ਹੋਰਨਾਂ ਸ਼ਖ਼ਸੀਅਤਾਂ ਦੀ ਵੀ ਸਹਾਇਤਾ ਲਈ ਜਾ ਸਕਦੀ ਹੈ। -ਪੀਟੀਆਈ

ਮਾਹਿਰਾਂ ਵੱਲੋਂ ਸਪੂਤਨਿਕ ਵੈਕਸੀਨ ਦੀ ਹੰਗਾਮੀ ਵਰਤੋਂ ਨੂੰ ਪ੍ਰਵਾਨਗੀ ਦੇਣ ਦੀ ਸਿਫਾਰਸ਼

ਨਵੀਂ ਦਿੱਲੀ: ਭਾਰਤ ਦੀ ਕੇਂਦਰੀ ਡਰੱਗ ਅਥਾਰਿਟੀ ਦੇ ਮਾਹਿਰਾਂ ਦੀ ਕਮੇਟੀ ਨੇ ਕੋਵਿਡ-19 ਤੋਂ ਬਚਾਅ ਲਈ ਰੂਸ ਵੱਲੋਂ ਤਿਆਰ ਸਪੂਤਨਿਕ ਵੈਕਸੀਨ ਨੂੰ ਕੁਝ ਸ਼ਰਤਾਂ ਨਾਲ ਮੁਲਕ ਵਿੱਚ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਦਿੱਤੇ ਜਾਣ ਦੀ ਸਿਫਾਰਸ਼ ਕੀਤੀ ਹੈ। ਸੂਤਰਾਂ ਨੇ ਕਿਹਾ ਕਿ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਦੀ ਵਿਸ਼ਾ ਮਾਹਿਰ ਕਮੇਟੀ (ਐੱਸਈਸੀ) ਨੇ ਡਾ.ਰੈੱਡੀ’ਜ਼ ਲੈਬਾਰਟਰੀਜ਼ ਵੱਲੋਂ ਸਪੂਤਨਿਕ ਵੈਕਸੀਨ ਦੀ ਹੰਗਾਮੀ ਹਾਲਤ ਵਿੱਚ ਵਰਤੋਂ ਲਈ ਦਾਇਰ ਅਰਜ਼ੀ ’ਤੇ ਅੱਜ  ਵਿਚਾਰ ਕੀਤਾ ਹੈ। ਚੇਤੇ ਰਹੇ ਕਿ ਮਾਹਿਰਾਂ ਦੀ ਕਮੇਟੀ ਵੱਲੋਂ ਕੀਤੀ ਸਿਫਾਰਿਸ਼ ’ਤੇ ਅੰਤਿਮ ਫੈਸਲਾ ਭਾਰਤੀ ਡਰੱਗ ਕੰਟਰੋਲਰ ਜਨਰਲ (ਡੀਸੀਜੀਆਈ) ਵੱਲੋਂ ਲਿਆ ਜਾਣਾ ਹੈ। ਪ੍ਰਵਾਨਗੀ ਮਿਲਣ ਦੀ ਸੂਰਤ ਵਿੱਚ ਸਪੂਤਨਿਕ ਵੈਕਸੀਨ ਕੋਵਿਡ-19 ਤੋਂ ਬਚਾਅ ਲਈ ਭਾਰਤ ਵਿੱਚ ਸੁਲੱਭ ਤੀਜੀ ਵੈਕਸੀਨ ਹੋਵੇਗੀ। ਸੂਤਰਾਂ ਨੇ ਕਿਹਾ ਕਿ ਸਪੂਤਨਿਕ ਵੈਕਸੀਨ ਨੂੰ ਭਾਰਤ ਵਿੱਚ ਹੰਗਾਮੀ ਵਰਤੋਂ ਲਈ ਰੂਸ ਤੋਂ ਦਰਾਮਦ ਕੀਤਾ ਜਾਵੇਗਾ। ਡਾ.ਰੈੱਡੀ’ਜ਼ ਨੇ ਭਾਰਤ ਵਿੱਚ ਸਪੂਤਨਿਕ ਵੈਕਸੀਨ ਦੇ ਕਲੀਨਿਕ ਟਰਾਇਲਾਂ ਤੇ ਵੰਡ ਅਧਿਕਾਰਾਂ ਲਈ ਪਿਛਲੇ ਸਾਲ ਸਤੰਬਰ ਵਿੱਚ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (ਆਰਡੀਆਈਐੱਫ) ਨਾਲ ਭਾਈਵਾਲੀ ਦਾ ਐਲਾਨ ਕੀਤਾ ਸੀ। ਡੀਸੀਜੀਆਈ ਇਸ ਤੋਂ ਪਹਿਲਾਂ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਤੇ ਆਕਸਫੋਰਡ-ਐਸਟਰਾਜ਼ੈਨੇਕਾ ਦੀ ਕੋਵੀਸ਼ੀਲਡ, ਜੋ ਕਿ ਪੁਣੇ ਸਥਿਤ ਭਾਰਤੀ ਸੀਰਮ ਇੰਸਟੀਚਿਊਟ ਵੱਲੋਂ ਤਿਆਰ ਕੀਤੀ ਜਾ ਰਹੀ ਹੈ, ਦੀ ਹੰਗਾਮੀ ਹਾਲਤ ਵਿੱਚ ਵਰਤੋਂ ਨੂੰ ਹਰੀ ਝੰਡੀ ਦੇ ਚੁੱਕਾ ਹੈ। ਸਪੂਤਨਿਕ ਵੈਕਸੀਨ ਤਿੰਨ ਗੇੜ ਦੇ ਟਰਾਇਲਾਂ ਵਿੱਚ ਕਰੋਨਾਵਾਇਰਸ ਦੀ ਲਾਗ ਖ਼ਿਲਾਫ਼ 91.6 ਫੀਸਦ ਅਸਰਦਾਰ ਸਾਬਤ ਹੋਈ ਹੈ ਤੇ ਇਹ ਅੰਕੜਾ ਰੂਸ ਵਿੱਚ 19,866 ਵਲੰਟੀਅਰਾਂ ’ਤੇ ਕੀਤੇ ਤਜਰਬੇ ’ਤੇ ਅਧਾਰਿਤ ਹੈ। -ਪੀਟੀਆਈ

Source link

Leave a Reply

Your email address will not be published. Required fields are marked *