ਵਿਸਾਖੀ ਮੇਲਾ: ਦੂਜੇ ਦਿਨ ਸੰਗਤ ਦੀ ਆਮਦ ਘਟੀ

ਜਗਜੀਤ ਸਿੰਘ ਸਿੱਧੂ

ਤਲਵੰਡੀ ਸਾਬੋ, 12 ਅਪਰੈਲ

ਸਿੱਖ ਕੌਮ ਵਿੱਚ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਚ ਬੀਤੇ ਦਿਨ ਤੋਂ ਸ਼ੁਰੂ ਹੋਏ ਚਾਰ ਰੋਜ਼ਾ ਵਿਸਾਖੀ ਮੇਲੇ ਦੇ ਦੂਜੇ ਦਿਨ ਸੰਗਤ ਦੀ ਆਮਦ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਰਹੀ। ਭਾਵੇਂ ਅੱਜ ਵੱਡੀ ਗਿਣਤੀ ਵਿੱਚ ਸੰਗਤ ਨੇ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕਰ ਕੇ ਤਖ਼ਤ ਸਾਹਿਬ ਮੱਥਾ ਟੇਕਿਆ ਪਰ ਪਿਛਲੇ ਵਰ੍ਹਿਆਂ ਦੇ ਮੁਕਾਬਲੇ ਸੰਗਤ ਦੀ ਘਾਟ ਰੜਕੀ।

ਕਰੋਨਾ ਮਹਾਂਮਾਰੀ ਕਾਰਨ ਪੰਜਾਬ ਸਰਕਾਰ ਵੱਲੋਂ ਮੇਲੇ ਮੌਕੇ ਹੋਣ ਵਾਲੀਆਂ ਸਿਆਸੀ ਕਾਨਫਰੰਸਾਂ ’ਤੇ ਪਾਬੰਦੀਆਂ ਲਾਉਣ ਕਾਰਨ ਸਿਆਸੀ ਧਿਰਾਂ ਨੇ ਵੀ ਇੱਕ ਦੂਜੇ ਨਾਲੋਂ ਵੱਡਾ ਇਕੱਠ ਕਰਨ ’ਚ ਦਿਲਚਸਪੀ ਨਹੀਂ ਦਿਖਾਈ। ਕਾਨਫਰੰਸਾਂ ਨਾ ਹੋਣ ਕਰਕੇ ਇਸ ਵਾਰ ਮੇਲੀ ਸਿਰਫ਼ ਮੇਲੇ ਤੇ ਮਨੋਰੰਜਨ ਸਾਧਨਾਂ ਦਾ ਆਨੰਦ ਮਾਣਨਗੇ ਅਤੇ ਸ਼ਰਧਾਲੂ ਸ਼ਰਧਾ ਭਾਵਨਾ ਨੂੰ ਕਾਇਮ ਰੱਖਣਗੇ। ਛਿਆਨਵੇਂ ਕਰੋੜੀ ਸ਼੍ਰੋਮਣੀ ਅਕਾਲੀ ਬੁੱਢਾ ਦਲ ਦੇ ਮੁੱਖ ਜਥੇਦਾਰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਬੁੱਢਾ ਦਲ ਵੱਲੋਂ ਪੁਰਾਤਨ ਰਵਾਇਤ ਅਨੁਸਾਰ ਅੱਜ ਇੱਥੇ ਦਲ ਦੇ ਮੁੱਖ ਦਫ਼ਤਰ ਗੁਰਦੁਆਰਾ ਬੇਰ ਸਾਹਿਬ, ਦੇਗਸਰ ਸਾਹਿਬ ਵਿਖੇ ਗੁਰਮਤਿ ਸਮਾਗਮ ਸ਼ੁਰੂ ਕਰਦਿਆਂ ਅਰਦਾਸ ਕੀਤੀ ਗਈ ਅਤੇ ਅਖੰਡ ਪਾਠ ਆਰੰਭ ਕਰਵਾਏ ਗਏ, ਜਿਨ੍ਹਾਂ ਦੇ ਭੋਗ 14 ਅਪਰੈਲ ਨੂੰ ਪਾਏ ਜਾਣਗੇ। ਇਸੇ ਦਿਨ ਹੀ ਬਾਅਦ ਦੁਪਹਿਰ ਬੁੱਢਾ ਦਲ ਦੇ ਘੋੜ ਸਵਾਰ ਨਿਹੰਗ ਸਿੰਘਾਂ ਵੱਲੋਂ ਰਵਾਇਤੀ ਮਹੱਲਾ ਕੱਢੇ ਜਾਣ ਨਾਲ  ਮੇਲਾ ਸੰਪੂਰਨ ਹੋਵੇਗਾ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਸਾਖੀ ਦੀ ਵਧਾਈ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ):  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਖਾਲਸਾ ਪੰਥ’ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੀ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ। ਵਿਸਾਖੀ ਸਬੰਧੀ ਇੱਕ ਸੰਦੇਸ਼ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਅਮੀਰ ਸਭਿਆਚਾਰਕ ਵਿਰਾਸਤ ਦੀ ਯਾਦ ਦਿਵਾਉਂਦੇ ਹੋਏ ਇਹਨਾਂ ਰਵਾਇਤਾਂ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਮੌਕੇ ਪੰਜਾਬ ਦਾ ਮਿਹਨਤਕਸ ਕਿਸਾਨ ਆਪਣੀ ਮਿਹਨਤ ਨਾਲ ਉਗਾਈ ਫਸਲ ਦੀ ਵਾਢੀ ਸ਼ੁਰੂ ਕਰਦਾ ਹੈ। ਉਨ੍ਹਾਂ ਲੋਕਾਂ ਨੂੰ ਇਹ ਇਤਿਹਾਸਕ ਦਿਹਾੜਾ ਆਪਸੀ ਭਾਈਚਾਰਕ ਸਾਂਝ, ਪਿਆਰ ਅਤੇ ਰਿਵਾਇਤਾਂ ਦੇ ਨਾਲ-ਨਾਲ ਕੋਵਿਡ-19 ਸਬੰਧੀ ਸਾਵਧਾਨੀ ਉਪਾਵਾਂ ਨਾਲ ਮਨਾਉਣ ਦਾ ਸੱਦਾ ਦਿੱਤਾ। 

ਬੀਬੀ ਜਗੀਰ ਕੌਰ ਵੱਲੋਂ ਕੌਮੀ ਏਕਤਾ ਦਾ ਸੁਨੇਹਾ

ਅੰਮ੍ਰਿਤਸਰ (ਟਨਸ): ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਖ਼ਾਲਸਾ ਸਾਜਣਾ ਦਿਵਸ ਦੀ ਵਧਾਈ ਦਿੰਦਿਆਂ ਸਮੁੱਚੀ ਸਿੱਖ ਕੌਮ ਨੂੰ ਕੌਮੀ ਏਕਤਾ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਖ਼ਾਲਸਾ ਪੰਥ ਸਾਜ ਕੇ ਮਨੁੱਖਤਾ ਨੂੰ ਗੁਲਾਮੀ ਤੋਂ ਮੁਕਤ ਕਰਵਾ ਕੇ ਸਵੈਮਾਣ ਨਾਲ ਜਿਊਣ ਦਾ ਮਾਰਗ ਦਰਸਾਇਆ। ਉਨ੍ਹਾਂ ਸਮੁੱਚੀ ਸੰਗਤ ਨੂੰ ਖ਼ਾਲਸਾ ਪੰਥ ਦੇ ਸਾਜਣਾ ਦਿਵਸ ਮੌਕੇ ਬਾਣੀ ਅਤੇ ਬਾਣੇ ਦੇ ਧਾਰਨੀ ਬਣ ਅੰਮ੍ਰਿਤਧਾਰੀ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੁਆਰਾ ਦਿੱਤੀਆਂ ਸਿੱਖਿਆਵਾਂ ’ਤੇ ਚੱਲਦਿਆਂ ਸਮਾਜਿਕ ਬੁਰਾਈਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

ਕਿਸਾਨ ਕਾਨਫਰੰਸ ਦੀਆਂ ਤਿਆਰੀਆਂ ਜ਼ੋਰਾਂ ’ਤੇ

ਤਲਵੰਡੀ ਸਾਬੋ: ਭਾਰਤੀ ਕਿਸਾਨ ਯੁੂਨੀਅਨ ਏਕਤਾ (ਉਗਰਾਹਾਂ) ਵੱਲੋਂ ਮੇਲੇ ਦੇ ਮੁੱਖ ਦਿਨ 13 ਅਪਰੈਲ ਨੂੰ ਤਲਵੰਡੀ ਸਾਬੋ ਵਿੱਚ ਕੀਤੀ ਜਾਣ ਵਾਲੀ ਕਿਸਾਨ ਕਾਨਫਰੰਸ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਸਥਾਨਕ ਗੁਰਦੁਆਰਾ ਜੰਡਸਰ ਰੋਡ ’ਤੇ ਕੀਤੀ ਜਾ ਰਹੀ ਕਿਸਾਨ ਕਾਨਫਰੰਸ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਆਏ ਕਿਸਾਨ ਆਗੂਆਂ ਨੇ ਦੱਸਿਆ ਕਿ 13 ਅਪਰੈਲ ਨੂੰ ਹੋਣ ਵਾਲੀ ਕਿਸਾਨ ਕਾਨਫਰੰਸ ਵਿੱਚ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਿਸ਼ੇਸ ਤੌਰ ’ਤੇ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਕਾਨਫਰੰਸ ਵਿੱਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਤੋਂ ਬਾਅਦ ਵੀ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਘੜੀਆਂ ਜਾ ਰਹੀਆਂ ਸਾਜ਼ਿਸ਼ਾਂ ਤੋਂ ਜਾਣੂ ਕਰਵਾ ਕੇ ਕਿਸਾਨਾਂ ਨੂੰ ਸੰਘਰਸ਼ ਵਿੱਚ ਹੋਰ ਇੱਕਜੁਟਤਾ ਨਾਲ ਹਿੱਸਾ ਪਾਉਣ ਦੀ ਅਪੀਲ ਕੀਤੀ ਜਾਵੇਗੀ। 

Source link

Leave a Reply

Your email address will not be published. Required fields are marked *