ਕਰੋਨਾਵਾਇਰਸ: ਅੱਠ ਵਿਅਕਤੀਆਂ ਦੀ ਮੌਤ

ਪੱਤਰ ਪ੍ਰੇਰਕ

ਚੰਡੀਗੜ੍ਹ, 15 ਅਪਰੈਲ

ਇੱਥੇ ਅੱਜ ਤਿੰਨ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਜਦਕਿ ਸ਼ਹਿਰ ਵਿੱਚ ਅੱਜ 412 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਸ਼ਹਿਰ ਵਿੱਚ 409 ਮਰੀਜ਼ਾਂ ਨੂੰ ਦਰੁਸਤ ਹੋਣ ਮਗਰੋਂ ਡਿਸਚਾਰਜ ਕਰ ਦਿੱਤਾ ਗਿਆ ਹੈ ਜਿਸ ਦੌਰਾਨ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ 3371 ਹੋ ਗਿਆ ਹੈ। ਜਾਣਕਾਰੀ ਮੁਤਾਬਕ ਸੈਕਟਰ 48 ਨਿਵਾਸੀ 73 ਸਾਲਾ ਕਰੋਨਾ ਪੀੜਤ ਔਰਤ ਦੀ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿੱਚ, ਸੈਕਟਰ 51 ਨਿਵਾਸੀ 80 ਸਾਲਾ ਵਿਅਕਤੀ ਦੀ ਜੀ.ਐਮ.ਸੀ.ਐਚ.-32 ਵਿੱਚ ਅਤੇ ਮਲੋਇਆ ਨਿਵਾਸੀ 36 ਸਾਲਾ ਔਰਤ ਦੀ ਜੀ.ਐਮ.ਐਸ.ਐਚ.-16 ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਤਿੰਨੋਂ ਮਰੀਜ਼ ਕਰੋਨਾ ਦੇ ਨਾਲ-ਨਾਲ ਹੋਰਨਾਂ ਬਿਮਾਰੀਆਂ ਤੋਂ ਵੀ ਪੀੜਤ ਸਨ।

ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਇੱਥੋਂ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਕਰੋਨਾ ਮਹਾਮਾਰੀ ਦੇ 860 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 33 ਹਜ਼ਾਰ 844 ’ਤੇ ਪਹੁੰਚ ਗਈ ਹੈ। ਉਂਜ ਅੱਜ 472 ਪੀੜਤ ਮਰੀਜ਼ ਠੀਕ ਹੋ ਕੇ ਆਪਣੇ ਘਰ ਪਹੁੰਚ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਇਕ ਹੋਰ ਕਰੋਨਾ ਪੀੜਤ ਦੀ ਮੌਤ ਹੋ ਗਈ ਅਤੇ ਹੁਣ ਤੱਕ 487 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਕੱਲੇ ਮੁਹਾਲੀ ਸ਼ਹਿਰੀ ਖੇਤਰ ਵਿੱਚ 399 ਵਿਅਕਤੀਆਂ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ ਜਦੋਂਕਿ ਬਨੂੜ ਵਿੱਚ 4, ਬੂਥਗੜ੍ਹ, ਕੁਰਾਲੀ ਤੇ ਲਾਲੜੂ 11-11, ਘੜੂੰਆਂ ਵਿੱਚ 34, ਡੇਰਾਬੱਸੀ ਵਿੱਚ 47, ਖਰੜ ਵਿੱਚ 147 ਅਤੇ ਢਕੋਲੀ ਵਿੱਚ 196 ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ।

ਰੂਪਨਗਰ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ 104 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਜਦੋਂ ਕਿ ਦੋ ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਗਈ। ਰੂਪਨਗਰ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਰੂਪਨਗਰ ਇਲਾਕੇ ਵਿੱਚ 43, ਸ੍ਰੀ ਆਨੰਦਪੁਰ ਸਾਹਿਬ ਵਿੱਚ 18, ਸ੍ਰੀ ਚਮਕੌਰ ਸਾਹਿਬ ਇਲਾਕੇ ਵਿੱਚ 6, ਨੰਗਲ ਇਲਾਕੇ ਵਿੱਚ 27 ਅਤੇ ਮੋਰਿੰਡਾ ਇਲਾਕੇ ਵਿੱਚ 10 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ। ਅੱਜ ਸ੍ਰੀ ਆਨੰਦਪੁਰ ਸਾਹਿਬ ਤਹਿਸੀਲ ਦੇ ਪਿੰਡ ਕਰੂਰਾ ਦੀ 57 ਸਾਲਾ ਔਰਤ ਅਤੇ ਮੋਰਿੰਡਾ ਦੇ 52 ਸਾਲਾ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਗਈ।

ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਬਲਜੀਤ ਕੌਰ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਅੱਜ ਕਰੋਨਾ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 54 ਨਵੇਂ ਮਾਮਲੇ ਸਾਹਮਣੇ ਆਏ ਹਨ।

ਢਕੋਲੀ ਖੇਤਰ ਵਿੱਚ 47 ਨਵੇਂ ਮਰੀਜ਼ ਸਾਹਮਣੇ ਆਏ

ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਢਕੋਲੀ ਖੇਤਰ ਵਿੱਚ ਕਰੋਨਾ ਦਾ ਫੈਲਾਅ ਰੋਕਣ ਲਈ ਸਿਹਤ ਵਿਭਾਗ ਵੱਲੋਂ ਅੱਜ ਮੁੜ ਵੱਖ ਵੱਖ ਸੁਸਾਇਟੀਆਂ ਵਿੱਚ ਲੋਕਾਂ ਦੇ ਟੈਸਟ ਕੀਤੇ ਗਏ। ਇਸ ਦੌਰਾਨ ਵਿਭਾਗ ਵੱਲੋਂ ਵੱਖ ਵੱਖ ਸੁਸਾਇਟੀਆਂ ਵਿੱਚ 1146 ਦੇ ਕਰੀਬ ਟੈਸਟ ਕੀਤੇ ਗਏ ਜਿਨ੍ਹਾਂ ਵਿੱਚੋਂ 47 ਦੀ ਰਿਪੋਰਟ ਪਾਜ਼ੇਟਿਵ ਆਈ। ਇਹ ਜਾਣਕਾਰੀ ਐੱਸ.ਡੀ.ਐੱਮ. ਡੇਰਾਬੱਸੀ ਕੁਲਦੀਪ ਬਾਵਾ ਨੇ ਦਿੱਤੀ। ਦੂਜੇ ਪਾਸੇ ਨਗਰ ਕੌਂਸਲ ਨੇ ਢਕੋਲੀ ਖੇਤਰ ਨੂੰ ਸੈਨੇਟਾਈਜ਼ ਕਰਨ ਲਈ ਮੁਹਿੰਮ ਚਲਾਈ।

ਵੈਕਸੀਨ ਨਾ ਲੁਆਉਣ ਵਾਲੇ ਲੋਕ ਸ਼ਰਮ ਕਰਨ: ਪਰੀਦਾ

ਚੰਡੀਗੜ੍ਹ: ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੇ ਸਲਾਹਕਾਰ ਮਨੋਜ ਪਰੀਦਾ ਨੇ ਕਿਹਾ ਕਿ ਜਿਹੜੇ ਲੋਕ ਕਰੋਨਾ ਰੋਕੂ ਵੈਕਸੀਨ ਲਗਾਉਣ ਲਈ ਗੰਭੀਰ ਨਹੀਂ ਹਨ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਸੂਬਿਆਂ ਵਿੱਚ ਟੀਕਾ ਲਗਵਾਉਣ ਲਈ ਲੋਕ ਲੰਬੀਆਂ ਕਤਾਰਾਂ ਵਿੱਚ ਲੱਗਦੇ ਹਨ ਜਦੋਂ ਕਿ ਇੱਥੇ ਲੋਕਾਂ ਨੂੰ ਇਸ ਲਈ ਪ੍ਰੇਰਿਆ ਜਾ ਰਿਹਾ ਹੈ। ਸ੍ਰੀ ਪਰੀਦਾ ਨੇ ਸ਼ਹਿਰ ਵਿੱਚ ਕਰੋਨਾ ਵੈਕਸੀਨ ਵੱਧ ਤੋਂ ਵੱਧ ਲੋਕਾਂ ਦੇ ਲਗਾਉਣ ਲਈ ਰੈਜੀਡੈਂਟ ਵੇਲਫੇਅਰ ਐਸੋਸੀਏਸ਼ਨਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੋਵਿਡ ਵੈਕਸੀਨ ਨਾਲ ਲੋਕਾਂ ਦੇ ਸ਼ਰੀਰ ਨੂੰ ਕਰੋਨਾਵਾਇਰਸ ਨਾਲ ਲੜਨ ਯੋਗ ਕੀਤਾ ਜਾ ਸਕਦਾ ਹੈ। ਇਸ ਲਈ ਸਮਾਜਿਕ ਜਥੇਬੰਦੀਆਂ ਅਤੇ ਐਸੋਸੀਏਸ਼ਨਾਂ ਦੀ ਮਦਦ ਦੀ ਮੰਗ ਕੀਤੀ। ਸਲਾਹਕਾਰ ਨੇ ਲੋਕਾਂ ਨੂੰ ਵੀ ਕਰੋਨਾਵਾਇਰਸ ਦੇ ਲੱਛਣ ਦਿਖਾਈ ਦੇਣ ’ਤੇ ਟੈਸਟ ਕਰਵਾਉਣ ਲਈ ਆਖਿਆ। -ਟਨਸ

12 ਕੰਟੇਨਮੈਂਟ ਜ਼ੋਨ ਬਣਾਏ

ਚੰਡੀਗੜ੍ਹ: ਸ਼ਹਿਰ ਵਿੱਚ ਕਰੋਨਾਵਾਇਰਸ ਦੇ ਵਧ ਰਹੇ ਕੇਸਾਂ ਦੀ ਮੱਦੇਨਜ਼ਰ ਪ੍ਰਸ਼ਾਸਨ ਨੇ ਸ਼ਹਿਰ ਵਿੱਚ 12 ਨਵੇਂ ਕੰਟੇਨਮੈਂਟ ਜ਼ੋਨ ਐਲਾਨੇ ਹਨ। ਇਨ੍ਹਾਂ ਵਿੱਚ ਸੈਕਟਰ-7, 27, 38, 39, 40, 46, 49 ਅਤੇ 51 ਦੇ ਚੌਣਵੇਂ ਘਰ ਸ਼ਾਮਿਲ ਹਨ। ਇਹ ਆਦੇਸ਼ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਸ਼ਹਿਰ ਵਿੱਚ 50 ਦੇ ਕਰੀਬ ਕੰਟੇਨਮੈਂਟ ਜ਼ੋਨ ਬਣਾਏ ਜਾ ਚੁੱਕੇ ਹਨ। -ਟਨਸ

Source link

Leave a Reply

Your email address will not be published. Required fields are marked *