ਰਿਕਾਰਡ ਦੋ ਲੱਖ ਤੋਂ ਵੱਧ ਨਵੇਂ ਕੇਸ

ਨਵੀਂ ਦਿੱਲੀ, 15 ਅਪਰੈਲ

ਮੁੱਖ ਅੰਸ਼

  • ਸ਼ਮਸ਼ਾਨਘਾਟਾਂ ਦੇ ਬਾਹਰ ਲੱਗੀਆਂ ਲੰਬੀਆਂ ਕਤਾਰਾਂ
  • ਕਬਰਿਸਤਾਨਾਂ ’ਚ ਜ਼ਮੀਨ ਥੁੜ੍ਹੀ

ਦੇਸ਼ ਵਿੱਚ ਕਰੋਨਾਵਾਇਰਸ ਦੀ ਦੂਜੀ ਲਹਿਰ ਬੇਕਾਬੂ ਹੋਣ ਲੱਗੀ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ ਰਿਕਾਰਡ ਦੋ ਲੱਖ ਤੋਂ ਵੱਧ ਨਵੇਂ ਕੇਸ ਸਾਹਮਣੇ ਆਉਣ ਨਾਲ ਦੇਸ਼ ਵਿੱਚ ਇਸ ਮਹਾਮਾਰੀ ਦੀ ਮਾਰ ਹੇਠ ਆਉਣ ਵਾਲੇ ਸਰਗਰਮ ਕੇਸਾਂ ਦੀ ਗਿਣਤੀ 14 ਲੱਖ ਦੇ ਅੰਕੜੇ ਨੂੰ ਟੱਪ ਗਈ ਹੈ। ਬੇਕਾਬੂ ਹੁੰਦੀ ਮਹਾਮਾਰੀ ਨੇ ਦੇਸ਼ ਦੇ ਸਿਹਤ ਸੰਭਾਲ ਢਾਂਚੇ ਦੀ ਪੋਲ ਖੋਲ੍ਹ ਦੇ ਰੱਖ ਦਿੱਤੀ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕਰੋਨਾ ਪੀੜਤ ਮਰੀਜ਼ਾਂ ਨੂੰ ਹਸਪਤਾਲਾਂ ’ਚ ਬੈੱਡ ਨਹੀਂ ਜੁੜ ਰਹੇ, ਇਲਾਜ ਤਾਂ ਦੂਰ ਦੀ ਗੱਲ ਹੈ। ਕੋਵਿਡ-19 ਦੀ ਮਾਰ ਹੇਠ ਆਏ ਵੱਡੀ ਗਿਣਤੀ ਲੋਕ ਹਸਪਤਾਲਾਂ ਦੇ ਬਾਹਰ ਐਂਬੂਲੈਂਸਾਂ ’ਚ ਪ ਹਨ। ਕਰੋਨਾ ਕਰਕੇ ਮੌਤ ਦੇ ਮੂੰਹ ਪੈਣ ਵਾਲੇ ਲੋਕਾਂ ਦੀਆਂ ਲਾਸ਼ਾਂ ਨੂੰ ਸੰਭਾਲਣ ਦਾ ਕੋਈ ਪ੍ਰਬੰਧ ਨਹੀਂ ਹੈ। ਸ਼ਮਸ਼ਾਨਘਾਟਾਂ ਦੇ ਬਾਹਰ ਲੰਮੀਆਂ ਕਤਾਰਾਂ ’ਚ ਲੱਗੇ ਲੋਕ ਆਪਣੇ ਸਕੇ ਸਬੰਧੀਆਂ ਦੇ ਦਾਹ ਸਸਕਾਰ ਲਈ ਘੰਟਿਆਂਬਧੀ ਖੜ੍ਹਨ ਲਈ ਮਜਬੂਰ ਹਨ। ਕਬਰਿਸਤਾਨਾਂ ’ਚ ਲਾਸ਼ਾਂ ਦਫਨਾਉਣ ਲਈ ਜ਼ਮੀਨ ਥੁੜ੍ਹਨ ਲੱਗੀ ਹੈ। ਮੁੜ ਲੌਕਡਾਊਨ ਲੱਗਣ ਦੇ ਡਰੋਂ ਪਰਵਾਸੀ ਮਜ਼ਦੂਰ ਵੱਡੀ ਗਿਣਤੀ ’ਚ ਆਪਣੇ ਪਿੱਤਰੀ ਰਾਜਾਂ ਨੂੰ ਹਿਜਰਤ ਕਰਨ ਲੱਗੇ ਹਨ। ‘ਟੀਕਾ ਉਤਸਵ’ ਦੇ ਸੱਦੇ ਦੇ ਬਾਵਜੂਦ ਕੁਝ ਰਾਜ ਟੀਕਾਕਰਨ ਦੇ ਮਿੱਥੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਕੋ ਦਿਨ ਵਿੱਚ ਰਿਕਾਰਡ 2,00,739 ਨਵੇਂ ਕੇਸ ਆਉਣ ਨਾਲ ਦੇਸ਼ ਵਿੱਚ ਕਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 1,40,74,564 ਦੇ ਅੰਕੜੇ ਨੂੰ ਪੁੱਜ ਗਈ ਹੈ। ਇਸ ਅਰਸੇ ਦੌਰਾਨ ਹੋਈਆਂ ਮੌਤਾਂ ਦੀ ਗੱਲ ਕਰੀਏ ਤਾਂ 1,038 ਹੋਰ ਮੌਤਾਂ ਨਾਲ ਕਰੋਨਾ ਦੀ ਬਿਮਾਰੀ ਕਰ ਕੇ ਮਰਨ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 1,73,123 ਹੋ ਗਈ ਹੈ। ਲਾਗ ਦੇ ਕੇਸਾਂ ਵਿਚ ਪਿਛਲੇ 36ਵੇਂ ਦਿਨ ਤੋਂ ਵਾਧਾ ਜਾਰੀ ਹੈ। ਦੇਸ਼ ਵਿਚ ਕੋਵਿਡ ਕਰਕੇ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਵਧ ਕੇ 14,71,877 ’ਤੇ ਪਹੁੰਚ ਗਈ ਹੈ, ਜੋ ਕੁੱਲ ਕੇਸਾਂ ਦਾ 10.46 ਫ਼ੀਸਦ ਹੈ। ਇਸ ਬਿਮਾਰੀ ਤੋਂ ਉੱਭਰ ਕੇ ਠੀਕ ਹੋਣ ਵਾਲਿਆਂ ਦੀ ਦਰ ਡਿੱਗ ਕੇ 88.31 ਫ਼ੀਸਦ ਰਹਿ ਗਈ ਹੈ ਜਦੋਂਕਿ ਮੌਤ ਦਰ 1.23 ਫ਼ੀਸਦ ਹੈ। ਪਿਛਲੇ 24 ਘੰਟਿਆਂ ਦੌਰਾਨ ਹੋਈਆਂ 1038 ਮੌਤਾਂ ’ਚੋਂ ਮਹਾਰਾਸ਼ਟਰ ਵਿੱਚ 278, ਛੱਤੀਸਗੜ੍ਹ 120, ਦਿੱਲੀ 104, ਗੁਜਰਾਤ 73, ਯੂਪੀ 67, ਪੰਜਾਬ 63, ਮੱਧ ਪ੍ਰਦੇਸ਼ 51, ਕਰਨਾਟਕ 38, ਝਾਰਖੰਡ 31, ਰਾਜਸਥਾਨ 29, ਤਾਮਿਲ ਨਾਡੂ 25, ਪੱਛਮੀ ਬੰਗਾਲ 24, ਕੇਰਲਾ 22, ਬਿਹਾਰ 21, ਆਂਧਰਾ ਪ੍ਰਦੇਸ਼ ਤੇ ਹਰਿਆਣਾ 18-18, ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ’ਚ 13-13 ਵਿਅਕਤੀ ਕਰੋਨਾ ਕਰਕੇ ਦਮ ਤੋੜ ਗਏ।

ਮੁੰਬਈ ਦੇ ਲੋਕਮਾਨਿਆ ਤਿਲਕ ਰੇਲਵੇ ਸਟੇਸ਼ਨ ਦੇ ਬਾਹਰ ਮੁਸਾਫਰ ਇਕ ਬਜ਼ੁਰਗ ਵਿਅਕਤੀ ਨੂੰ ਰੇਲ ਗੱਡੀ ਫੜਨ ’ਚ ਮਦਦ ਕਰਦੇ ਹੋਏ। -ਫੋਟੋ: ਪੀਟੀਆਈ


ਇਸ ਦੌਰਾਨ ਕਰੋਨਾ ਦੀ ਚੌਥੀ ਲਹਿਰ ਖਿਲਾਫ਼ ਲੜ ਰਿਹਾ ਦਿੱਲੀ ਪਿਛਲੇ 24 ਘੰਟਿਆਂ ਵਿੱਚ 17000 ਤੋਂ ਵੱਧ ਕੇਸਾਂ ਨਾਲ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਨੂੰ ਪਿਛਾਂਹ ਧੱਕ ਕੇ ਕਰੋਨਾ ਦੀ ਸਭ ਤੋਂ ਵੱਧ ਮਾਰ ਝੱਲਣ ਵਾਲਾ ਸ਼ਹਿਰ ਬਣ ਗਿਆ ਹੈ। ਮਹਾਰਾਸ਼ਟਰ, ਯੂਪੀ, ਦਿੱਲੀ, ਛੱਤੀਸਗੜ੍ਹ, ਕਰਨਾਟਕ, ਮੱਧ ਪ੍ਰਦੇਸ਼, ਕੇਰਲਾ, ਤਾਮਿਲ ਨਾਡੂ, ਗੁਜਰਾਤ ਤੇ ਰਾਜਸਥਾਨ ਵਿੱਚ ਇਕੋ ਦਿਨ ਵਿੱਚ ਰਿਪੋਰਟ ਹੋਏ ਨਵੇਂ ਕੇਸ ਕੋਵਿਡ-19 ਦੇ ਕੁੱਲ ਕੇਸਾਂ ਦਾ 80.76 ਫੀਸਦ ਹਨ।

ਪੰਜਾਬ ’ਚ ਕਰੋਨਾਵਾਇਰਸ ਨੇ ਲਈਆਂ 51 ਹੋਰ ਜਾਨਾਂ

ਚੰਡੀਗੜ੍ਹ (ਟਨਸ): ਪੰਜਾਬ ਵਿੱਚ ਕਰੋਨਾ ਨੇ ਪਿਛਲੇ 24 ਘੰਟਿਆਂ ਦੌਰਾਨ 51 ਹੋਰ ਜਾਨਾਂ ਲੈ ਲਈਆਂ ਹਨ। ਇਸੇ ਅਰਸੇ ਦੌਰਾਨ 4333 ਸੱਜਰੇ ਮਾਮਲੇ ਵੀ ਸਾਹਮਣੇ ਆਏ ਹਨ। ਸੂਬੇ ਵਿੱਚ ਹੁਣ ਤੱਕ 7,722 ਵਿਅਕਤੀਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਸਿਹਤ ਵਿਭਾਗ ਦੇ ਦੱਸਣ ਮੁਤਾਬਕ ਪਿਛਲੇ ਸਾਲ ਮਾਰਚ ਮਹੀਨੇ ਤੋਂ ਸ਼ੁਰੂ ਹੋਈ ਮਹਾਮਾਰੀ ਦੀ ਮਾਰ ਦੌਰਾਨ ਸੂਬੇ ਵਿੱਚ ਹੁਣ ਤੱਕ 2.86 ਲੱਖ ਤੋਂ ਵੱਧ ਵਿਅਕਤੀ ਲਾਗ ਦਾ ਸ਼ਿਕਾਰ ਹੋ ਚੁੱਕੇ ਹਨ ਜਦੋਂਕਿ 2.49 ਲੱਖ ਤੋਂ ਵੱਧ ਠੀਕ ਵੀ ਹੋਏ ਹਨ। ਇਕੋ ਦਿਨ ’ਚ ਹੋਈਆਂ 51 ਹੋਰ ਮੌਤਾਂ ’ਚੋਂ ਅੰਮ੍ਰਿਤਸਰ ਵਿੱਚ 10, ਹੁਸ਼ਿਆਰਪੁਰ 9, ਗੁਰਦਾਸਪੁਰ ਤੇ ਲੁਧਿਆਣਾ ’ਚ 6-6, ਪਟਿਆਲਾ 5, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ ਤੇ ਫਤਿਹਗੜ੍ਹ ਸਾਹਿਬ ’ਚ 2-2, ਫਾਜ਼ਿਲਕਾ, ਮੁਹਾਲੀ, ਮੁਕਤਸਰ, ਪਠਾਨਕੋਟ, ਸੰਗਰੂਰ, ਤਰਨ ਤਾਰਨ ਵਿੱਚ ਇੱਕ- ਇੱਕ ਵਿਅਕਤੀ ਦਮ ਤੋੜ ਗਿਆ।

ਕੋਵਿਡ: ਦਿੱਲੀ ’ਚ ਵੀਕਐਂੱਡ ਕਰਫਿਊ ਦਾ ਐਲਾਨ

ਨਵੀਂ ਦਿੱਲੀ ਦੇ ਲੋਕ ਨਾਇਕ ਹਸਪਤਾਲ ਨੇੜੇ ਸ਼ਹਿਨਾਈ ਬੈਂਕੁਇਟ ਹਾਲ ਵਿੱਚ ਇਕਾਂਤਵਾਸ ਕੀਤੇ ਗਏ ਕਰੋਨਾ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਸਿਹਤ ਮੁਲਾਜ਼ਮ। -ਫੋਟੋ: ਮਾਨਸ ਰੰਜਨ ਭੂਈ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੌਮੀ ਰਾਜਧਾਨੀ ਵਿੱਚ ਕੋਵਿਡ-19 ਦੀ ਲਾਗ ਦੇ ਵਧਦੇ ਕੇਸਾਂ ਦਰਮਿਆਨ ਇਸ ਕੜੀ ਨੂੰ ਤੋੜਨ ਦੇ ਇਰਾਦੇ ਨਾਲ ਦਿੱਲੀ ਵਿੱਚ ਵੀਕਐਂੱਡ (ਸ਼ਨਿੱਚਰਵਾਰ ਤੇ ਐਤਵਾਰ) ਕਰਫਿਊ ਲਾਉਣ ਦਾ ਐਲਾਨ ਕੀਤਾ ਹੈ। ਆਉਂਦੇ ਸ਼ਨਿੱਚਰਵਾਰ ਤੋਂ ਅਮਲ ਵਿੱਚ ਆਉਣ ਵਾਲੇ ਕਰਫਿਊ ਦੌਰਾਨ ਮਾਲਜ਼, ਜਿਮਨੇਜ਼ੀਅਮ, ਸਪਾ ਤੇ ਆਡੀਟੋਰੀਅਮ ਬੰਦ ਰਹਿਣਗੇ। ਜਦੋਂਕਿ ਰੈਸਟੋਰੈਂਟਾਂ ਨੂੰ ਸਿਰਫ ਡਲਿਵਰੀ ਦੀ ਇਜਾਜ਼ਤ ਹੋਵੇਗੀ ਤੇ ਸਿਨੇਮਾ ਹਾਲ ਆਪਣੀ 30 ਫੀਸਦ ਸਮਰੱਥਾ ਨਾਲ ਹੀ ਚੱਲਣਗੇ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਵਿੱਚ ਬੈੱਡਾਂ ਦੀ ਕੋਈ ਘਾਟ ਨਹੀਂ ਹੈ ਤੇ ਕੋਵਿਡ ਮਰੀਜ਼ਾਂ ਲਈ ਅਜੇ ਵੀ ਪੰਜ ਹਜ਼ਾਰ ਤੋਂ ਵੱਧ ਬੈੱਡ ਉਪਲੱਬਧ ਹਨ। ਦਿੱਲੀ ਵਿੱਚ ਵੀਰਵਾਰ ਨੂੰ ਕੋਵਿਡ-19 ਦੇ ਰਿਕਾਰਡ 17,282 ਕੇਸ ਸਾਹਮਣੇ ਆਏ ਸਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਰਚੁਅਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੀਕਐਂੱਡ ਕਰਫਿਊ ਕਰਕੇ ਜ਼ਰੂਰੀ ਸੇਵਾਵਾਂ ਤੇ ਵਿਆਹ ਸ਼ਾਦੀਆਂ ਅਸਰਅੰਦਾਜ਼ ਨਹੀਂ ਹੋਣਗੀਆਂ। ਵਿਆਹਾਂ, ਹਸਪਤਾਲਾਂ, ਰੇਲਵੇ ਸਟੇਸ਼ਨਾਂ ਤੇ ਹਵਾਈ ਅੱਡਿਆਂ ’ਤੇ ਜਾਣ ਵਾਲਿਆਂ ਨੂੰ ਕਰਫਿਊ ਪਾਸ ਜਾਰੀ ਕੀਤੇ ਜਾਣਗੇ। ਦਿੱਲੀ ਵਿੱਚ ਅਪਰੈਲ ਮਹੀਨੇ ਦੌਰਾਨ ਵਾਇਰਸ ਕਰਕੇ ਹੁਣ ਤੱਕ 513 ਲੋਕਾਂ ਦੀ ਜਾਨ ਜਾਂਦੀ ਰਹੀ ਹੈ। ਮਾਰਚ ਤੇ ਫਰਵਰੀ ਮਹੀਨੇ ਇਹ ਅੰਕੜਾ ਕ੍ਰਮਵਾਰ 117 ਤੇ 57 ਸੀ। -ਪੀਟੀਆਈ

ਮੈਡੀਕਲ ਆਕਸੀਜਨ ਦੀ ਸਹੀ ਵਰਤੋਂ ਕਰਨ ਸੂਬੇ: ਕੇਂਦਰ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਅੱਜ ਰਾਜਾਂ ਨੂੰ ਮੈਡੀਕਲ ਆਕਸੀਜਨ ਦਾ ਸਹੀ ਢੰਗ ਨਾਲ ਇਸਤੇਮਾਲ ਕਰਨ ਅਤੇ ਇਹ ਯਕੀਨੀ ਬਣਾਉਣ ਨੂੰ ਕਿਹਾ ਹੈ ਕਿ ਇਸ ਦੀ ਬਰਬਾਦੀ ਨਾ ਹੋਵੇ। ਸਰਕਾਰ ਨੇ ਜ਼ੋਰ ਦੇ ਕੇ ਆਖਿਆ ਕਿ ਦੇਸ਼ ਵਿਚ ਮੈਡੀਕਲ ਆਕਸੀਜਨ ਦੀ ਕੋਈ ਕਮੀ ਨਹੀਂ ਤੇ ਇਹ ਲੋੜੀਂਦੀ ਮਾਤਰਾ ਵਿਚ ਉਪਲੱਬਧ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਵਿਚ ਮੈਡੀਕਲ ਆਕਸੀਜਨ ਦੀ ਕਾਫੀ ਅਹਿਮੀਅਤ ਹੈ। ਮਹਾਮਾਰੀ ਤੋਂ ਪ੍ਰਭਾਵਿਤ ਰਾਜਾਂ ਨੂੰ ਮੈਡੀਕਲ ਆਕਸੀਜਨ ਸਮੇਤ ਜ਼ਰੂਰੀ ਮੈਡੀਕਲ ਸਾਜ਼ੋ-ਸਾਮਾਨ ਮੁਹੱਈਆ ਕਰਾਉਣ ਲਈ ਮਾਰਚ 2020 ਵਿਚ ਕੋਵਿਡ-19 ਮਹਾਮਾਰੀ ਦੌਰਾਨ ਅਧਿਕਾਰੀਆਂ ਦੇ ਅੰਤਰ-ਮੰਤਰਾਲਾ ਸਸ਼ਕਤ ਸਮੂਹ (ਈਜੀ2) ਦਾ ਗਠਨ ਕੀਤਾ ਗਿਆ ਸੀ। ਮੰਤਰਾਲੇ ਨੇ ਕਿਹਾ, ‘‘ਆਕਸੀਜਨ ਨਿਰਮਾਣ ਇਕਾਈਆਂ ਵਿਚ ਉਤਪਾਦਨ ਵਧਾਇਆ ਗਿਆ ਹੈ। ਪਹਿਲਾਂ ਤੋਂ ਸਟਾਕ ਮੌਜੂਦ ਹੈ। ਫਿਲਹਾਲ ਆਕਸੀਜਨ ਲੋੜੀਂਦੀ ਮਾਤਰਾ ’ਚ ਉਪਲੱਬਧ ਹੈ।’’ ਮੰਤਰਾਲੇ ਨੇ ਕਿਹਾ ਕਿ ਇਸ ਤੋਂ ਇਲਾਵਾ ਲੋੜ ਮੁਤਾਬਕ ਰਾਜਾਂ ਨੂੰ ਆਕਸੀਜਨ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਕੰਟਰੋਲ ਰੂਮ ਸਥਾਪਤ ਕਰਨ ਅਤੇ ਸਿਲੰਡਰਾਂ ਤੇ ਟੈਂਕਰਾਂ ਦੀ ਲੋੜ ਸਬੰਧੀ ਸਮੀਖਿਆ ਕਰਨ ਦਾ ਨਿਰਦੇਸ਼ ਵੀ ਦਿੱਤਾ ਗਿਆ ਹੈ। -ਪੀਟੀਆਈ

Source link

Leave a Reply

Your email address will not be published. Required fields are marked *