ਕੋਟਕਪੂਰਾ ਗੋਲੀ ਕਾਂਡ: ਆਖ਼ਰੀ ਚਲਾਨ ਨਹੀਂ ਹੋਵੇਗਾ ਪੇਸ਼

ਫ਼ਰੀਦਕੋਟ, 17 ਅਪਰੈਲ

ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੇ ਆਈਜੀ ਕੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਅਸਤੀਫ਼ਾ ਦੇਣ ਮਗਰੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਜਾਂਚ ਟੀਮ ਵੱਲੋਂ ਤਿਆਰ ਕੀਤਾ ਗਿਆ ਅਹਿਮ ਅਤੇ ਆਖਰੀ ਚਲਾਨ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕੇਗਾ। 15 ਮਾਰਚ ਨੂੰ ਕੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਸੀ ਕਿ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਦਾ ਆਖ਼ਰੀ ਚਲਾਨ ਉਨ੍ਹਾਂ ਤਿਆਰ ਕਰ ਲਿਆ ਹੈ ਅਤੇ ਕਿਸੇ ਵੀ ਸਮੇਂ ਇਹ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਸੂਤਰ ਦੱਸਦੇ ਹਨ ਕਿ ਇਸ ਚਲਾਨ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਨਾਮ ਵੀ ਸ਼ਾਮਲ ਸਨ ਅਤੇ ਇਸ ਚਲਾਨ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਹੋਣ ਵਾਲੀ ਸਾਰੀ ਕਾਨੂੰਨੀ ਪ੍ਰਕਿਰਿਆ ਮੁਕੰਮਲ ਕਰ ਲਈ ਸੀ। ਹਾਈ ਕੋਰਟ ਦੇ ਫੈਸਲੇ ਨੇ ਕੋਟਕਪੂਰਾ ਗੋਲੀ ਕਾਂਡ ਵਿੱਚ ਪੇਸ਼ ਹੋਏ ਸਾਰੇ ਚਲਾਨਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਜਾਂਚ ਟੀਮ ਨੂੰ ਗੈਰਕਾਨੂੰਨੀ ਐਲਾਨ ਦਿੱਤਾ ਹੈ। ਇਸੇ ਦਰਮਿਆਨ ਅੱਜ ਕੋਟਕਪੂਰਾ ਗੋਲੀ ਕਾਂਡ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਅਦਾਲਤ ਵਿੱਚ ਹਾਜ਼ਰ ਨਹੀਂ ਹੋਇਆ ਅਤੇ ਉਸ ਨੇ ਆਪਣੀ ਹਾਜ਼ਰੀ ਮੁਆਫ਼ ਕਰਵਾਉਣ ਲਈ ਅਰਜ਼ੀ ਦੇ ਦਿੱਤੀ ਸੀ, ਜਿਸ ਨੂੰ ਜੱਜ ਨੇ ਸਵੀਕਾਰ ਕਰ ਲਿਆ। ਜੁਡੀਸ਼ਲ ਮੈਜਿਸਟਰੇਟ ਅਜੇ ਪਾਲ ਸਿੰਘ ਨੇ ਸੁਮੇਧ ਸੈਣੀ ਨੂੰ ਹਦਾਇਤ ਕੀਤੀ ਹੈ ਕਿ 10 ਮਈ ਨੂੰ ਅਦਾਲਤ ਵਿੱਚ ਹਾਜ਼ਰ ਹੋਣ। ਸੁਮੇਧ ਸੈਣੀ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਕੋਟਕਪੂਰਾ ਗੋਲੀ ਕਾਂਡ ਦੀ ਸਮੁੱਚੀ ਪੜਤਾਲ ਰਿਪੋਰਟ ਹਾਈ ਕੋਰਟ ਵੱਲੋਂ ਰੱਦ ਹੋ ਚੁੱਕੀ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਹੁਕਮ ਦੀ ਨਕਲ ਨਹੀਂ ਮਿਲੀ। ਹਾਲਾਂਕਿ ਪੰਜਾਬ ਸਰਕਾਰ ਨੇ ਸੁਮੇਧ ਸੈਣੀ ਦੀ ਹਾਜ਼ਰੀ ਮੁਆਫ਼ੀ ਦਾ ਵਿਰੋਧ ਕਰਦਿਆਂ ਦਾਅਵਾ ਕੀਤਾ ਕਿ ਜਿੰਨਾ ਚਿਰ ਹਾਈ ਕੋਰਟ ਦੇ ਹੁਕਮ ਦੀ ਨਕਲ ਨਹੀਂ ਮਿਲਦੀ, ਓਨਾ ਸਮਾਂ ਮੁਲਜ਼ਮਾਂ ਦਾ ਅਦਾਲਤ ਵਿੱਚ ਹਾਜ਼ਰ ਹੋਣਾ ਲਾਜ਼ਮੀ ਹੈ।

Real EstatePrevious articleਅਮਰੀਕਾ ’ਚ ਫੈੱਡਐਕਸ ਕੇਂਦਰ ’ਚ ਗੋਲੀਬਾਰੀ, 8 ਵਿਅਕਤੀ ਹਲਾਕ , ਮਰਨ ਵਾਲਿਆਂ ਵਿੱਚ 4 ਪੰਜਾਬੀ ਵੀ
Next articleਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਦੀਪ ਸਿੱਧੂ ਦੀ ਜ਼ਮਾਨਤ ਬਾਰੇ ਸੁਣਾਇਆ ਇਹ ਫੈਸਲਾ


Source link

Leave a Reply

Your email address will not be published. Required fields are marked *