ਕੋਵਿਡ-19: ਲਗਾਤਾਰ ਦੂਜੇ ਦਿਨ ਦੋ ਲੱਖ ਤੋਂ ਵਧ ਕੇਸ

* ਚੰਡੀਗੜ੍ਹ ਿਵੱਚ ਵੀਕਐਂੱਡ ਲੌਕਡਾਊਨ ਦਾ ਫੈਸਲਾ

* ਪ੍ਰਧਾਨ ਮੰਤਰੀ ਵੱਲੋਂ ਮੈਡੀਕਲ ਆਕਸੀਜਨ ਦਰਾਮਦ ਕਰਨ ਦੇ ਯਤਨਾਂ ਦੀ ਸਮੀਖਿਆ

* ਆਈਸੀਐੱਸਈ ਵੱਲੋਂ ਬੋਰਡ ਪ੍ਰੀਖਿਆਵਾਂ ਮੁਲਤਵੀ

ਨਵੀਂ ਦਿੱਲੀ, 16 ਅਪਰੈਲ

ਕਰੋਨਾ ਮਹਾਮਾਰੀ ਦੇ ਬੇਲਗਾਮ ਹੋਣ ਕਰਕੇ ਦੇਸ਼ ਵਿੱਚ ਕਰੋਨਾਵਾਇਰਸ ਦੇ ਨਵੇਂ ਕੇਸਾਂ ਦੀ ਗਿਣਤੀ ਦਾ ਨਿੱਤ ਨਵਾਂ ਰਿਕਾਰਡ ਬਣ ਰਿਹਾ ਹੈ। ਦੇਸ਼ ਵਿੱਚ ਅੱਜ ਲਗਾਤਾਰ ਦੂਜੇ ਦਿਨ ਕੋਵਿਡ-19 ਦੀ ਲਾਗ ਦੇ ਦੋ ਲੱਖ ਤੋਂ ਵੱਧ ਕੇਸ ਸਾਹਮਣੇ ਆਏ ਹਨ ਜਦੋਂਕਿ 1185 ਹੋਰ ਲੋਕ ਕਰੋਨਾ ਕਰ ਕੇ ਮੌਤ ਦੇ ਮੂੰਹ ਪੈ ਗਏ। ਇਸ ਦੌਰਾਨ ਚੰਡੀਗੜ੍ਹ ਵਿੱਚ ਕਰੋਨਾ ਵਾਇਰਸ ਦੇ ਤੇਜ਼ੀ ਨਾਲ ਵਧ ਰਹੇ ਮਰੀਜ਼ਾਂ ਅਤੇ ਨਮੂਨਿਆਂ ’ਚ ਯੂਕੇ ਸਟਰੇਨ ਦੀ ਪੁਸ਼ਟੀ ਮਗਰੋਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵੀਕਐਂੱਡ ਲੌਕਡਾਊਨ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਹਰ ਹਫ਼ਤੇ ਸ਼ੁੱਕਰਵਾਰ ਦੀ ਰਾਤ 10 ਵਜੇ ਤੋਂ ਇਹ ਲਾਕਡਾਊਨ ਸ਼ੁਰੂ ਹੋ ਕੇ ਸੋਮਵਾਰ ਤੜਕੇ 5 ਵਜੇ ਤੱਕ ਜਾਰੀ ਰਹੇਗਾ। ਸ਼ਹਿਰ ਵਿੱਚ ਰਾਤ ਦਾ ਕਰਫਿਊ ਪਹਿਲਾਂ ਵਾਂਗ ਜਾਰੀ ਰਹੇਗਾ। ਉਧਰ ਕਰੋਨਾ ਕੇਸਾਂ ’ਚ ਆਏ ਉਛਾਲ ਕਰਕੇ ਮੈਡੀਕਲ ਆਕਸੀਜਨ ਦੀ ਮੰਗ ਤੇ ਸਪਲਾਈ ਵਿਚਲੇ ਵਧ ਰਹੇ ਖੱਪੇ ਦੀਆਂ ਖ਼ਬਰਾਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੈਡੀਕਲ ਆਕਸੀਜਨ ਨੂੰ ਦਰਾਮਦ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸਮੀਖਿਆ ਕੀਤੀ। ਉਧਰ ਸੀਬੀਐੱਸਈ ਮਗਰੋਂ ਸੀਆਈਸੀਐੱਸਈ ਨੇ ਵੀ ਕੋਵਿਡ-19 ਦੇ ਵੱਧ ਰਹੇ ਕੇਸਾਂ ਦੇ ਹਵਾਲੇ ਨਾਲ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਇਹ ਪ੍ਰੀਖਿਆਵਾਂ 4 ਮਈ ਤੋਂ ਸ਼ੁਰੂ ਹੋਣੀਆਂ ਸਨ।   

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 2,17,353 ਨਵੇਂ ਕੇਸਾਂ ਨਾਲ ਦੇਸ਼ ਵਿਚ ਹੁਣ ਤੱਕ ਕਰੋਨਾ ਦੀ ਲਾਗ ਨਾਲ ਪ੍ਰਭਾਵਿਤ ਲੋਕਾਂ ਦੀ ਕੁੱਲ ਗਿਣਤੀ ਵਧ ਕੇ 1,42,91,917 ਹੋ ਗਈ ਹੈ। ਇਨ੍ਹਾਂ ਵਿੱਚੋਂ ਸਰਗਰਮ ਕੇਸਾਂ ਦੀ ਗਿਣਤੀ 15 ਲੱਖ ਤੋਂ ਪਾਰ ਪਹੁੰਚ ਗਈ ਹੈ। ਉਂਜ ਇਸੇ ਅਰਸੇ ਦੌਰਾਨ 1185 ਹੋਰ ਵਿਅਕਤੀ ਮੌਤ ਦੇ ਮੂੰਹ ਜਾ ਪਏ ਹਨ, ਜਿਸ ਕਰ ਕੇ ਹੁਣ ਤੱਕ ਦੇਸ਼ ਵਿਚ ਕਰੋਨਾ ਕਾਰਨ ਮਰਨ ਵਾਲੇ ਲੋਕਾਂ ਦੀ ਕੁੱਲ ਗਿਣਤੀ 1,74,308 ਦੇ ਅੰਕੜੇ ਨੂੰ ਅੱਪੜ ਗਈ ਹੈ। ਪਿਛਲੇ ਸਾਲ 19 ਸਤੰਬਰ ਮਗਰੋਂ 24 ਘੰਟਿਆਂ ਵਿਚ ਸਭ ਤੋਂ ਵੱਧ ਲੋਕ ਕਰੋਨਾ ਦੀ ਭੇਟ ਚੜ੍ਹੇ ਹਨ। ਲਾਗ ਦੇ ਕੇਸਾਂ ਵਿਚ ਲਗਾਤਾਰ 37ਵੇਂ ਦਿਨ ਵਾਧਾ ਜਾਰੀ ਹੈ। ਦੇਸ਼ ਵਿਚ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਵਧ ਕੇ 15,69,743 ਹੋ ਗਈ ਹੈ, ਜੋ ਕੁੱਲ ਕੇਸਾਂ ਦਾ 10.98 ਫ਼ੀਸਦ ਹੈ ਜਦੋਂਕਿ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਦਰ ਡਿੱਗ ਕੇ 87.80 ਫ਼ੀਸਦ ਰਹਿ ਗਈ ਹੈ ਜਦੋਂਕਿ ਮੌਤ ਦਰ ਘਟ ਕੇ 1.22 ਫੀਸਦ ਰਹਿ ਗਈ ਹੈ। ਇਸ ਤੋਂ ਪਹਿਲਾਂ ਕੋਵਿਡ ਦੇ ਸਰਗਰਮ ਕੇਸਾਂ ਦੀ ਸਭ ਤੋਂ ਘੱਟ ਗਿਣਤੀ (1,35,926) 12 ਫਰਵਰੀ ਨੂੰ ਸੀ। ਆਈਸੀਐੱਮਆਰ ਨੇ 15 ਅਪਰੈਲ ਤੱਕ 26,34,76,625 ਨਮੂਨਿਆਂ ਦੀ ਜਾਂਚ ਕਰ ਲੈਣ ਦਾ ਦਾਅਵਾ ਕੀਤਾ ਹੈ। ਪਿਛਲੇ 24 ਘੰਟਿਆਂ ਦੌਰਾਨ ਹੋਈਆਂ 1185 ਮੌਤਾਂ ’ਚੋਂ ਮਹਾਰਾਸ਼ਟਰ ’ਚ 349, ਛੱਤੀਸਗੜ੍ਹ 135, ਦਿੱਲੀ 112, ਯੂਪੀ 104, ਗੁਜਰਾਤ 81, ਕਰਨਾਟਕ 66, ਮੱਧ ਪ੍ਰਦੇਸ਼ 53, ਪੰਜਾਬ 50, ਰਾਜਸਥਾਨ 33 ਤੇ ਤਾਮਿਲ ਨਾਡੂ ਵਿੱਚ 29 ਵਿਅਕਤੀ ਦਮ ਤੋੜ ਗਏ। -ਪੀਟੀਆਈ

 

ਪੰਜਾਬ  ਿਵੱਚ 51 ਹੋਰ ਮੌਤਾਂ

ਚੰਡੀਗੜ੍ਹ (ਟਨਸ): ਪੰਜਾਬ ਵਿੱਚ ਕਰੋਨਾ ਨੇ 51 ਹੋਰ ਵਿਅਕਤੀਆਂ ਦੀ ਜਾਨ ਲੈ ਲਈ ਹੈ। ਪਿਛਲੇ 24 ਘੰਟਿਆਂ ’ਚ ਸੂਬੇ ਵਿੱਚ 3915 ਸੱਜਰੇ ਮਾਮਲੇ ਸਾਹਮਣੇ ਆਏ ਹਨ ਜਦੋਂਕਿ ਹੁਣ ਤੱਕ 7772  ਵਿਅਕਤੀਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਸਿਹਤ ਵਿਭਾਗ ਮੁਤਾਬਕ ਪਿਛਲੇ ਸਾਲ ਮਾਰਚ ਮਹੀਨੇ ਤੋਂ ਸ਼ੁਰੂ ਹੋਈ ਮਹਾਮਾਰੀ ਦੀ ਮਾਰ ਦੌਰਾਨ ਸੂਬੇ ਵਿੱਚ ਹੁਣ ਤੱਕ 2.90 ਲੱਖ ਤੋਂ ਵੱਧ ਵਿਅਕਤੀ ਲਾਗ ਦਾ ਸ਼ਿਕਾਰ ਹੋ ਚੁੱਕੇ ਹਨ ਤੇ ਸਿਹਤਯਾਬ ਹੋਣ ਵਾਲਿਆਂ ਦਾ ਅੰਕੜਾ 2.52 ਲੱਖ ਹੈ। ਅੰਮ੍ਰਿਤਸਰ ’ਚ 7,  ਲੁਧਿਆਣਾ 6, ਸੰਗਰੂਰ 5, ਗੁਰਦਾਸਪੁਰ 4, ਬਠਿੰਡਾ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਪਟਿਆਲਾ, ਰੋਪੜ ਤੇ ਤਰਨ ਤਾਰਨ ’ਚ 3-3, ਫਤਿਹਗੜ੍ਹ ਸਾਹਿਬ, ਫ਼ਿਰੋਜ਼ਪੁਰ ਤੇ ਮੁਹਾਲੀ ’ਚ 2-2, ਫ਼ਰੀਦਕੋਟ ਤੇ ਮੁਕਤਸਰ ’ਚ ਇਕ ਇੱਕ ਵਿਅਕਤੀ  ਦੀ ਮੌਤ ਹੋਈ ਹੈ।

ਰਾਹੁਲ ਗਾਂਧੀ ਨੇ ਸਰਕਾਰ ਨੂੰ ਭੰਡਿਆ

ਨਵੀਂ ਦਿੱਲੀ: ਦੇਸ਼ ਵਿੱਚ ਕਰੋਨਾਵਾਇਰਸ ਦੀ ਬੇਕਾਬੂ ਹੁੰਦੀ ਦੂਜੀ ਲਹਿਰ ਦਰਮਿਆਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਸਰਕਾਰ ਨੂੰ ਭੰਡਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕੋਵਿਡ-19 ਮਹਾਮਾਰੀ ਦੇ ਟਾਕਰੇ ਲਈ ਬਣਾਈ ਰਣਨੀਤੀ ‘ਤੁਗਲਕੀ ਲੌਕਡਾਊਨ’ ਲਾਗੂ ਕਰਨ, ਘੰਟੀਆਂ ਵਜਾਉਣ ਤੇ ਪ੍ਰਭੂ ਦੇ ਗੁਣ ਗਾਉਣ ਤੱਕ ਸੀਮਤ ਹੈ। ਚੇਤੇ ਰਹੇ ਕਿ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਵੱਲੋਂ ਕਰੋਨਾ ਮਹਾਮਾਰੀ ਨਾਲ ਨਜਿੱਠਣ ਦੇ ਢੰਗ ਤਰੀਕੇ ਲਈ ਸਰਕਾਰ ਦੀ ਲਗਾਤਾਰ ਨੁਕਤਾਚੀਨੀ ਕੀਤੀ ਜਾਂਦੀ ਰਹੀ ਹੈ ਜਦੋਂ ਕਿ ਸਰਕਾਰ ਇਹ ਦਾਅਵਾ ਕਰਦੀ ਨਹੀਂ ਥੱਕਦੀ ਕਿ ਉਸ ਵੱਲੋਂ ਸਮੇਂ ਰਹਿੰਦਿਆਂ ਚੁੱਕੇ ਕਦਮ ਕੋਵਿਡ-19 ਖ਼ਿਲਾਫ ਲੜਾਈ ’ਚ ਕਾਫ਼ੀ ਅਸਰਦਾਰ ਸਾਬਤ ਹੋਏ ਹਨ। ਰਾਹੁਲ ਗਾਂਧੀ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘ਕੇਂਦਰ ਸਰਕਾਰ ਦੀ ਕੋਵਿਡ-19 ਰਣਨੀਤੀ…ਪੜਾਅ ਪਹਿਲਾ…ਤੁਗਲਕੀ ਲੌਕਡਾਊਨ ਲਾਗੂ ਕਰੋ, ਪੜਾਅ ਦੂਜਾ…ਘੰਟੀਆਂ ਵਜਾਓ, ਪੜਾਅ ਤੀਜਾ….ਪ੍ਰਭੂ ਦੇ ਗੁਣ ਗਾਓ।’ ਕਾਂਗਰਸ ਨੇ ਬੀਤੇ ਵਿੱਚ ਵੀ ਸਰਕਾਰ ਵੱਲੋਂ ਲੲੇ ਕਈ ਫੈਸਲਿਆਂ ਦੀ ਤੁਲਨਾ ਦਿੱਲੀ ਦੇ ਸੁਲਤਾਨ ਮੁਹੰਮਦ ਬਿਨ ਤੁਗਲਕ ਵੱਲੋਂ ਲੲੇ ਫੈਸਲਿਆਂ ਨਾਲ ਕੀਤੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਇਹ ਫੈਸਲੇ ਪੱਖਪਾਤੀ ਹੋਣ ਦੇ ਨਾਲ ਬਿਨਾਂ ਕਿਸੇ ਸੋਚ ਵਿਚਾਰ ਦੇ ਲਏ ਗਏ ਹਨ। ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਸਾਲ ਲੌਕਡਾਊਨ ਦੌਰਾਨ ਦਿੱਤੇ ‘ਤਾਲੀ ਤੇ ਥਾਲੀ’ ਦੇ ਸੱਦੇ ਦੀ ਵੀ ਜੰਮ ਕੇ ਨੁਕਤਾਚੀਨੀ ਕੀਤੀ ਸੀ। -ਪੀਟੀਆਈ

ਟੀਕਾਕਰਨ ਕੋਵਿਡ ਖ਼ਿਲਾਫ਼ ਸੁਰੱਖਿਆ ਢਾਲ ਨਹੀਂ

ਨਵੀਂ ਦਿੱਲੀ, 16 ਅਪਰੈਲ

ਦੇਸ਼ ਦੇ ਕੁਝ ਹਿੱਸਿਆਂ ਵਿੱਚ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਦੇ ਬਾਵਜੂਦ ਵਾਇਰਸ ਦੀ ਲਾਗ ਦੇ ਕੇਸਾਂ ’ਚ ਬੇਰੋਕ ਵਾਧੇ ਦਰਮਿਆਨ ਮਾਹਿਰਾਂ ਦਾ ਕਹਿਣਾ ਹੈ ਕਿ ਕੋਵਿਡ-19 ਤੋਂ ਬਚਾਅ ਲਈ ਲੱਗਣ ਵਾਲਾ ਟੀਕਾ ਇਸ ਘਾਤਕ ਵਾਇਰਸ ਖ਼ਿਲਾਫ਼ ‘ਕੋਈ ਸੁਰੱਖਿਆ ਢਾਲ ਪੈਦਾ ਨਹੀਂ ਕਰਦਾ’ ਬਲਕਿ ਲਾਗ ਨੂੰ ਹੋਰ ਗੰਭੀਰ ਹੋਣ ਤੋਂ ਰੋਕਣ ਅਤੇ ਮੌਤ ਹੋਣ ਦੇ ਜੋਖ਼ਮ ਨੂੰ ਕਾਫ਼ੀ ਹੱਦ ਤੱਕ ਘਟਾਉਂਦਾ ਹੈ। ਮਾਹਿਰਾਂ ਨੇ ਕਿਹਾ ਕਿ ਟੀਕਾਕਰਨ ਤੇ ਇਸ ਮਗਰੋਂ ਕਿਸੇ ਵਿਅਕਤੀ ਨੂੰ ਆਉਣ ਵਾਲੀਆਂ ਉਲਝਣਾਂ ਦੇ ਅਸਲ ਕਾਰਨ ਨੂੰ ਬਿਆਨਦੀ ਕੋਈ ਕੜੀ ਅਜੇ ਤੱਕ ਸਥਾਪਤ ਨਹੀਂ ਕੀਤੀ ਜਾ ਸਕੀ ਹੈ। 

ਪਿਛਲੇ ਕੁਝ ਮਹੀਨਿਆਂ ਵਿੱਚ ਦਿੱਲੀ ਤੋਂ ਚੇਨੱਈ ਅਤੇ ਪਟਨਾ ਜਿਹੇ ਟੀਅਰ-2 ਸ਼ਹਿਰਾਂ ਵਿੱਚ ਕਰੋਨਾ ਟੀਕਾਕਰਨ ਦੇ ਬਾਵਜੂਦ ਲੋਕਾਂ ਨੂੰ ਕਰੋਨਾ ਦੀ ਲਾਗ ਚਿੰਬੜਨ ਦੀਆਂ ਰਿਪੋਰਟਾਂ ਹਨ। ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਦੇ 37 ਡਾਕਟਰ ਪਿਛਲੇ ਦਿਨੀਂ ਕਰੋਨਾ ਲਈ ਪਾਜ਼ੇਟਿਵ ਨਿਕਲ ਆਏ ਸੀ। ਸੂਤਰਾਂ ਮੁਤਾਬਕ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਨੂੰ ‘ਕੋਵੀਸ਼ੀਲਡ’ ਦੀਆਂ ਦੋ ਦੋ ਖੁਰਾਕਾਂ ਲੱਗੀਆਂ ਹੋਈਆਂ ਸਨ। ਅਪੋਲੋ ਹਸਪਤਾਲ ਦੇ ਫੇਫੜਿਆਂ ਨਾਲ ਜੁੜੇ ਰੋਗਾਂ ਦੇ ਮਾਹਿਰ ਡਾ.ਅਵਦੇਸ਼ ਬਾਂਸਲ ਨੇ ਕਿਹਾ, ‘ਟੀਕਾਕਰਨ ਦੀਆਂ ਦੋ ਖੁਰਾਕਾਂ ਲੈਣ ਮਗਰੋਂ ਵੀ ਵਾਇਰਸ ਦੀ ਲਾਗ ਦੇ ਕੁਝ ਕੇਸ ਸਾਹਮਣੇ ਆਏ ਹਨ ਪਰ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਕੇਸਾਂ ਵਿੱਚ ਲਾਭਪਾਤਰੀਆਂ ’ਚ ਬਹੁਤ ਹਲਕੇ ਲੱਛਣ ਸਨ। ਵੈਕਸੀਨ ਘੱਟੋ-ਘੱਟ ਲਾਗ ਗੰਭੀਰ ਹੋਣ ਅਤੇ ਮੌਤ ਹੋਣ ਦੇ ਜੋਖ਼ਮ ਨੂੰ ਤਾਂ ਕੁਝ ਹੱਦ ਤੱਕ ਘਟਾਉਂਦੀ ਹੈ। ਫੋਰਟਿਸ ਹਸਪਤਾਲ ਵਿੱਚ ਸਲਾਹਕਾਰ ਡਾ.ਰਿਚਾ ਸਰੀਨ ਨੇ ਵੀ ਡਾ. ਬਾਸਲ ਦੇ ਬਿਆਨ ਦੀ ਪੈਰਵੀ ਕਰਦਿਆਂ ਕਿਹਾ, ‘ਸਰੀਰ ਵਿੱਚ ਐਂਟੀ-ਬਾਡੀਜ਼, ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣ ਮਗਰੋਂ ਹੀ ਵਿਕਸਤ ਹੁੰਦੀਆਂ ਹਨ। ਲਿਹਾਜ਼ਾ ਅਜਿਹੀ ਸੰਭਾਵਨਾ ਹੈ ਕਿ ਕਿਸੇ ਵਿਅਕਤੀ ਨੂੰ ਪਹਿਲੀ ਖੁਰਾਕ ਲੱਗਣ ਮਗਰੋਂ ਕਿਸੇ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਲਾਗ ਚਿੰਬੜ ਗਈ ਹੋਵੇ।’ ਉਧਰ ਦਿੱਲੀ ਦੇ ਸਰਕਾਰੀ ਹਸਪਤਾਲ ਵਿੱਚ ਸੀਨੀਅਰ ਡਾਕਟਰ ਨੇ ਆਪਣੀ ਪਛਾਣ ਨਸ਼ਰ ਨਾ ਕਰਨ ਦੀ ਸ਼ਰਤ ’ਤੇ ਕਿਹਾ, ‘ਵੈਕਸੀਨ ਕਰੋਨਾ ਤੋਂ ਮੁਕੰਮਲ ਸੁਰੱਖਿਆ ਨਹੀਂ ਦਿੰਦੀ’, ਪਰ ਮਾਸਕ ਪਾਉਣ ਨਾਲ ਵਾਇਰਸ ਖਿਲਾਫ਼ ਲੜਾਈ ਨੂੰ ਜਿੱਤਿਆ ਜਾ ਸਕਦਾ ਹੈ। 

ਉਧਰ ਸਰਕਾਰ ਇਹ ਦਾਅਵਾ ਕਰਦੀ ਨਹੀਂ ਥੱਕਦੀ ਕਿ ਕੋਵੀਸ਼ੀਲਡ ਤੇ ਕੋਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਲੋਕ ਅਫ਼ਵਾਹਾਂ ਤੋਂ ਬਚਣ। -ਪੀਟੀਆਈ 

Source link

Leave a Reply

Your email address will not be published. Required fields are marked *