ਲੋਕ ਸਭਾ ’ਚ ਟੈਕਸ ਸੋਧ ਬਿੱਲ ਪਾਸ, ਪੈਗਾਸਸ ’ਤੇ ਹੁੰਦਾ ਰਿਹਾ ਹੰਗਾਮਾ

ਨਵੀਂ ਦਿੱਲੀ, 6 ਅਗਸਤ

ਭਾਰਤੀ ਅਸਾਸਿਆਂ ਨੂੰ ਅਸਿੱਧੇ ਤੌਰ ’ਤੇ ਟਰਾਂਸਫਰ ਕਰਨ ਉਤੇ ਪਿਛਲੀਆਂ ਤਰੀਕਾਂ ਤੋਂ ਲੱਗਦੇ ਟੈਕਸ ਨੂੰ ਖ਼ਤਮ ਕਰਨ ਵਾਲਾ ਬਿੱਲ ਅੱਜ ਲੋਕ ਸਭਾ ਵਿਚ ਪਾਸ ਕਰ ਦਿੱਤਾ ਗਿਆ। ਹਾਲਾਂਕਿ ਇਸ ਦੌਰਾਨ ਵਿਰੋਧੀ ਧਿਰਾਂ ਪੈਗਾਸਸ ਜਾਸੂਸੀ ਮੁੱਦੇ ਅਤੇ ਹੋਰ ਮੁੱਦਿਆਂ ’ਤੇ ਰੋਸ ਜ਼ਾਹਿਰ ਕਰਦੀਆਂ ਰਹੀਆਂ ਤੇ ਰੌਲਾ-ਰੱਪਾ ਪੈਂਦਾ ਰਿਹਾ। ਲੋਕ ਸਭਾ ਵੱਲੋਂ ਕਰ ਕਾਨੂੰਨ (ਸੋਧ) ਬਿੱਲ, 2021 ਨੂੰ ਪਾਸ ਕੀਤੇ ਜਾਣ ’ਤੇ ਕੇਅਰਨ ਐਨਰਜੀ ਅਤੇ ਵੋਡਾਫੋਨ ਜਿਹੀਆਂ ਕੰਪਨੀਆਂ ਤੋਂ ਕੀਤੀ ਗਈ ਟੈਕਸ ਦੀ ਮੰਗ ਹੁਣ ਆਪਣੇ-ਆਪ ਖ਼ਤਮ ਹੋ ਜਾਵੇਗੀ। ਇਹ 2012 ਦੇ ਇਕ ਕਾਨੂੰਨ ਤਹਿਤ ਕੀਤੀ ਜਾ ਰਹੀ ਸੀ ਜੋ ਕਿ ਭਾਰਤੀ ਅਸਾਸਿਆਂ ਨੂੰ ਟਰਾਂਸਫਰ ਕਰਨ ਬਾਰੇ ਹੈ। ਇਹ ਕਾਨੂੰਨ 28 ਮਈ, 2012 ਤੋਂ ਪਹਿਲਾਂ ਟਰਾਂਸਫਰ ਕੀਤੇ ਅਸਾਸਿਆਂ ਉਤੇ ਲਾਗੂ ਹੁੰਦਾ ਹੈ। ਕੇਂਦਰੀ ਵਿੱਤ ਮੰਤਰੀ ਨੇ 2012 ਦੇ ਕਾਨੂੰਨ ਨੂੰ ‘ਕਾਨੂੰਨੀ ਪੱਖ ਤੋਂ ਅਤੇ ਨਿਵੇਸ਼ਕਾਂ ਦੀਆਂ ਭਾਵਨਾਵਾਂ ਲਈ ਮਾੜਾ ਦੱਸਿਆ ਸੀ।’ ਬਿੱਲ ’ਤੇ ਸੰਖੇਪ ਚਰਚਾ ਤੇ ਸੀਤਾਰਾਮਨ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਇਸ ਨੂੰ ਪਾਸ ਕਰ ਦਿੱਤਾ ਗਿਆ। ਵਿੱਤ ਮੰਤਰੀ ਨੇ ਦੱਸਿਆ ਕਿ ਇਸ ਕਾਨੂੰਨ ਕਾਰਨ 17 ਕੇਸ ਚੱਲ ਰਹੇ ਹਨ ਤੇ ਸੁਪਰੀਮ ਕੋਰਟ ਵੀ ਕਹਿ ਚੁੱਕਾ ਹੈ ਕਿ ਵਿਦੇਸ਼ੀ ਕੰਪਨੀਆਂ ਦੇ ਸ਼ੇਅਰਾਂ ਨੂੰ ਅਸਿੱਧੇ ਤੌਰ ’ਤੇ ਤਬਦੀਲ ਕਰਨ ਉਤੇ ਟੈਕਸ ਨਹੀਂ ਲਾਇਆ ਜਾ ਸਕਦਾ। ਬਿੱਲ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਕੇਸਾਂ ਵਿਚ ਹੋਈ ਅਦਾਇਗੀ ਨੂੰ ਵਾਪਸ ਕਰ ਦਿੱਤਾ ਜਾਵੇਗਾ। ਇਹ ਰਾਸ਼ੀ ਕਰੀਬ 8100 ਕਰੋੜ ਰੁਪਏ ਬਣਦੀ ਹੈ। -ਪੀਟੀਆਈ

ਚਿਦੰਬਰਮ ਵੱਲੋਂ ਟੈਕਸ ਸੋਧ ਬਿੱਲ ਪਾਸ ਕਰਨ ਦਾ ਸਵਾਗਤ

ਨਵੀਂ ਦਿੱਲੀ: ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ‘ਦਿ ਟੈਕਸੇਸ਼ਨ ਲਾਅਸ (ਅਮੈਂਡਮੈਂਟ) ਬਿੱਲ, 2021’ ਲੋਕ ਸਭਾ ਵੱਲੋਂ ਪਾਸ ਕੀਤੇ ਜਾਣ ਦਾ ਸਵਾਗਤ ਕੀਤਾ ਹੈ। ਚਿਦੰਬਰਮ ਨੇ ਕਿਹਾ ਕਿ ਇਹ ਕਾਨੂੰਨ ਲੰਮੇ ਸਮੇਂ ਤੋਂ ਭਾਰਤ ਨੂੰ ਪ੍ਰੇਸ਼ਾਨ ਕਰ ਰਿਹਾ ਸੀ। -ਪੀਟੀਆਈ

ਜੂਨੀਅਰ ਮੰਤਰੀ ਨੂੰ ਬੋਲਣ ਨਾ ਦੇਣ ਲਈ ਮਾਂਡਵੀਆ ਵੱਲੋਂ ਵਿਰੋਧੀ ਧਿਰ ਦੀ ਆਲੋਚਨਾ

ਲੋਕ ਸਭਾ ’ਚ ਪ੍ਰਦਰਸ਼ਨਾਂ ਦਰਮਿਆਨ ਸਵਾਲਾਂ ਦਾ ਜਵਾਬ ਦਿੰਦੀ ਹੋਈ ਕੇਂਦਰੀ ਰਾਜ ਮੰਤਰੀ ਭਾਰਤੀ ਪਵਾਰ। -ਫੋਟੋ: ਪੀਟੀਆਈ

ਨਵੀਂ ਦਿੱਲੀ: ਲੋਕ ਸਭਾ ’ਚ ਜੂਨੀਅਰ ਮੰਤਰੀ ਭਾਰਤੀ ਪਵਾਰ ਵੱਲੋਂ ਸਦਨ ’ਚ ਦਿੱਤੇ ਜਾ ਰਹੇ ਜਵਾਬ ਦੌਰਾਨ ਵਿਰੋਧੀ ਧਿਰ ਵੱਲੋਂ ਪੈਗਾਸਸ ਅਤੇ ਹੋਰ ਮੁੱਦਿਆਂ ’ਤੇ ਕੀਤੇ ਗਏ ਹੰਗਾਮੇ ਦੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਆਲੋਚਨਾ ਕੀਤੀ ਹੈ। ਪਵਾਰ ਪਹਿਲੀ ਵਾਰ ਲੋਕ ਸਭਾ ’ਚ ਕਿਸੇ ਸਵਾਲ ਦਾ ਜ਼ੁਬਾਨੀ ਜਵਾਬ ਦੇ ਰਹੀ ਸੀ। ਸ੍ਰੀ ਮਾਂਡਵੀਆ ਨੇ ਕਿਹਾ ਕਿ ਜਦੋਂ ਸਿਹਤ ਰਾਜ ਮੰਤਰੀ ਆਦਿਵਾਸੀ ਮਹਿਲਾ ਜਵਾਬ ਦੇਣ ਲਈ ਖੜ੍ਹੀ ਹੋਈ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਉਸ ਨੂੰ ਬੋਲਣ ਨਹੀਂ ਦਿੱਤਾ ਜੋ ਕਿਸੇ ਮਹਿਲਾ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਪਵਾਰ ਭਾਵੇਂ ਆਦਿਵਾਸੀ ਭਾਈਚਾਰੇ ਨਾਲ ਸਬੰਧਤ ਹੈ ਪਰ ਉਸ ਨੇ ਡਾਕਟਰੀ ਦੀ ਪੜ੍ਹਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਪੜ੍ਹੀ-ਲਿਖੀ ਆਦਿਵਾਸੀ ਮਹਿਲਾ ਨੂੰ ਸੁਣਨਾ ਚਾਹੀਦਾ ਸੀ। ਜ਼ਿਕਰਯੋਗ ਹੈ ਕਿ ਪਵਾਰ ਨੂੰ ਪਿਛਲੇ ਮਹੀਨੇ ਮੋਦੀ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਗਿਆ ਹੈ। -ਪੀਟੀਆਈ

Source link

Leave a Reply

Your email address will not be published. Required fields are marked *