ਵਿਰੋਧੀ ਧਿਰ ਵੱਲੋਂ ਪੈਗਾਸਸ ਅਤੇ ਕਿਸਾਨੀ ਮੁੱਦਿਆਂ ’ਤੇ ਵੀਡੀਓ ਜਾਰੀ

ਨਵੀਂ ਦਿੱਲੀ: ਰਾਜ ਸਭਾ ’ਚ ਬਿੱਲਾਂ ’ਤੇ ਚਰਚਾ ਦੌਰਾਨ ਪੈਗਾਸਸ ਜਾਸੂਸੀ ਕਾਂਡ ਅਤੇ ਖੇਤੀ ਕਾਨੂੰਨਾਂ ’ਤੇ ਬੋਲਣ ਦੀ ਵਿਰੋਧੀ ਧਿਰ ਦੀ ਰਣਨੀਤੀ ਤਹਿਤ ਤਿੰਨ ਮਿੰਟ ਦਾ ਵੀਡੀਓ ਬਣਾਇਆ ਗਿਆ ਹੈ ਤਾਂ ਜੋ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਸੁਣੇ। ਤ੍ਰਿਣਮੂਲ ਕਾਂਗਰਸ ਦੇ ਰਾਜ ਸਭਾ ਮੈਂਬਰ ਡੈਰੇਕ ਓ’ ਬ੍ਰਾਇਨ ਦੇ ਹੈਂਡਲ ਤੋਂ ਜਾਰੀ ਕੀਤੇ ਗਏ ਇਸ ਵੀਡੀਓ ’ਚ ਅਪੀਲ ਕੀਤੀ ਗਈ ਹੈ,‘‘ਸ੍ਰੀਮਾਨ ਮੋਦੀ ਜੀ, ਆਓ ਸਾਡੀ ਗੱਲ ਸੁਣੋ।’’ ਵਿਰੋਧੀ ਧਿਰ ਦੇ ਸੂਤਰਾਂ ਨੇ ਸੰਕੇਤ ਦਿੱਤਾ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਆਗੂਆਂ ਨੇ ਮਹਿਸੂਸ ਕੀਤਾ ਹੈ ਕਿ ਲੋਕ ਸਭਾ ਅਤੇ ਰਾਜ ਸਭਾ ’ਚ ਅੜਿੱਕਾ ਪੈਦਾ ਕਰਨਾ ਹੀ ਕਾਫੀ ਨਹੀਂ ਹੈ ਸਗੋਂ ਸਦਨ ’ਚ ‘ਕਿਸਾਨ’, ‘ਪੈਗਾਸਸ’ ਅਤੇ ਸਪਾਈਵੇਅਰ ਜਿਹੇ ਸ਼ਬਦਾਂ ਨੂੰ ਦੁਹਰਾਉਣਾ ਜ਼ਰੂਰੀ ਹੈ। ਸੰਸਦ ’ਚ ਬਿੱਲਾਂ ’ਤੇ ਬਹਿਸ ਦੌਰਾਨ ਹੀ ਅਜਿਹੇ ਮੁੱਦੇ ਉਠਾਉਣ ਦੀ ਵਿਰੋਧੀ ਧਿਰ ਦੀ ਰਣਨੀਤੀ ਬਾਰੇ ਪੁੱਛੇ ਜਾਣ ’ਤੇ ਓ’ਬ੍ਰਾਇਨ ਨੇ ਕਿਹਾ ਕਿ ਉਨ੍ਹਾਂ ਦੀ ‘ਰਣਨੀਤੀ ਸੋਚੀ-ਸਮਝੀ’ ਹੈ। ਰਾਜ ਸਭਾ ’ਚ ਤ੍ਰਿਣਮੂਲ ਕਾਂਗਰਸ ਦੇ ਆਗੂ ਨੇ ਕਿਹਾ ਕਿ ਜਦੋਂ ਸਰਕਾਰੀ ਢੰਗ ਤਰੀਕਿਆਂ ਰਾਹੀਂ ਉਨ੍ਹਾਂ ਨੂੰ ਬੋਲਣ ਤੋਂ ਰੋਕਿਆ ਜਾ ਰਿਹਾ ਹੋਵੇ ਤਾਂ ਇਹ ਆਮ ਲੋਕਾਂ ਤੱਕ ਪਹੁੰਚਣ ਦਾ ਇਕ ਨਵਾਂ ਰਾਹ ਹੈ। ਵੀਡੀਓ ’ਚ ਰਾਜ ਸਭਾ ਟੀਵੀ ਦੀਆਂ ਕਲਿੱਪਾਂ ਦੀ ਵਰਤੋਂ ਕੀਤੀ ਗਈ ਹੈ ਜਿਸ ’ਚ ਉਪਰਲੇ ਸਦਨ ਦੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਦਿੱਤੇ ਗਏ ਬਿਆਨ ਹਨ ਅਤੇ ਉਨ੍ਹਾਂ ਦੀ ਸ਼ੁਰੂਆਤ ’ਚ ‘ਕਿਸਾਨ’, ‘ਪੈਗਾਸਸ’ ਜਿਹੇ ਸ਼ਬਦਾਂ ਤੋਂ ਕੀਤੀ ਗਈ ਹੈ। ਵੀਡੀਓ ਮੁਤਾਬਕ ਸਦਨ ’ਚ ਕਾਂਗਰਸ ਦੇ ਮਲਿਕਾਰਜੁਨ ਖੜਗੇ ਇਹ ਆਖਦੇ ਹੋਏ ਨਜ਼ਰ ਆ ਰਹੇ ਹਨ,‘‘ਅਸੀਂ ਪਿਛਲੇ 14 ਦਿਨਾਂ ਤੋਂ ਜਿਸ ਬਹਿਸ ਦੀ ਮੰਗ ਕਰ ਰਹੇ ਹਾਂ ਅਤੇ ਭਵਿੱਖ ’ਚ ਜਿਸ ’ਤੇ ਬਹਿਸ ਕਰ ਸਕਦੇ ਹਾਂ, ਤੁਸੀਂ ਉਸ ਨੂੰ ਨਹੀਂ ਹੋਣ ਦੇ ਰਹੇ ਹੋ। ਤੁਸੀਂ ਉਹ ਬਿੱਲ ਹੁਣ ਪਾਸ ਕਰ ਰਹੇ ਹੋ। ਜੇਕਰ ਤੁਹਾਡੇ ’ਚ ਦਮ ਹੈ ਤਾਂ ਹੁਣੇ ਪੈਗਾਸਸ ’ਤੇ ਬਹਿਸ ਸ਼ੁਰੂ ਕਰਵਾ ਕੇ ਦੇਖੋ।’’ ਇਸ ਵੀਡੀਓ ’ਚ ਐੱਨਸੀਪੀ ਦੀ ਵੰਦਨਾ ਚੌਹਾਨ ਪੈਗਾਸਸ ਦਾ ਮੁੱਦਾ ਉਠਾਉਂਦਿਆਂ ਅਤੇ ਸਰਕਾਰ ’ਤੇ ‘ਲੋਕਾਂ ਦੀ ਗੱਲ ਨਾ ਸੁਣਨ ਦਾ ਦੋਸ਼’ ਲਾਉਂਦੀ ਨਜ਼ਰ ਆ ਰਹੀ ਹੈ। ਉਸ ’ਚ ਆਰਜੇਡੀ ਦੇ ਮਨੋਜ ਝਾਅ ਇਹ ਆਖਦੇ ਸੁਣਾਈ ਦੇ ਰਹੇ ਹਨ,‘‘ਪੈਗਾਸਸ ਹਰ ਵਿਅਕਤੀ ਦੇ ਘਰ ਅੰਦਰ ਦਾਖ਼ਲ ਹੋ ਗਿਆ ਹੈ।।’’ ਵੀਡੀਓ ’ਚ ਕਾਂਗਰਸ ਦੇ ਦੀਪੇਂਦਰ ਹੁੱਡਾ ਇਹ ਆਖਦੇ ਹੋਏ ਦਿਸ ਰਹੇ ਹਨ ਕਿ ਜੇਕਰ ਉਨ੍ਹਾਂ ਦਾ ਮਾਈਕਰੋਫੋਨ ਬੰਦ ਨਾ ਕੀਤਾ ਜਾਵੇ ਤਾਂ ਉਹ ਕਿਸਾਨਾਂ ਦੇ ਮੁੱਦੇ ’ਤੇ ਬੋਲਣਗੇ। ਸੀਪੀਐੱਮ ਸਰਕਾਰ ’ਤੇ ਸੰਸਦੀ ਲੋਕਤੰਤਰ ਨੂੰ ਚੋਰੀ ਕਰਨ ਦਾ ਦੋਸ਼ ਲਾਉਂਦੀ ਨਜ਼ਰ ਆ ਰਹੀ ਹੈ। ਵੀਡੀਓ ’ਚ ਸਮਾਜਵਾਦੀ ਪਾਰਟੀ, ਟੀਆਰਐੱਸ, ਡੀਐੱਮਕੇ ਅਤੇ ‘ਆਪ’ ਸਮੇਤ ਹੋਰ ਪਾਰਟੀਆਂ ਦੇ ਆਗੂ ਵੀ ਨਜ਼ਰ ਆ ਰਹੇ ਹਨ। ਸ਼ਿਵ ਸੈਨਾ ਦੀ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ ਕਿ ਲੋਕਤੰਤਰ ’ਚ ਸਮੇਂ ਦੀ ਸਰਕਾਰ ਜ਼ਿੰਮੇਵਾਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਅਤੇ ਲੋਕਾਂ ਤੱਕ ਆਵਾਜ਼ ਪਹੁੰਚਾਉਣ ਦਾ ਇਕੋ ਰਾਹ ਬਚਿਆ ਹੈ ਕਿ ਬਿੱਲ ਪਾਸ ਕਰਵਾਏ ਜਾਣ ਦੌਰਾਨ ਹੁੰਦੀਆਂ ਬਹਿਸਾਂ ’ਚ ਵਿਰੋਧੀ ਧਿਰ ਆਪਣੀ ਗੱਲ ਰਖੇ। ਸੀਨੀਅਰ ਕਾਂਗਰਸ ਆਗੂ ਮਨੀਸ਼ ਤਿਵਾੜੀ ਨੇ ਕਿਹਾ ਕਿ ਸਦਨ ’ਚ ਜੋ ਕੁਝ ਵਾਪਰ ਰਿਹਾ ਹੈ, ਉਹ ‘ਪੂਰੀ ਤਰ੍ਹਾਂ ਨਾਲ ਲੋਕਤੰਤਰ ਦੀ ਹੱਤਿਆ ਹੈ।’ ਉਨ੍ਹਾਂ ਕਿਹਾ ਕਿ ਪਹਿਲਾਂ ਇਹ ਵਰਤਾਰਾ ਸੀ ਕਿ ਹੰਗਾਮੇ ਦੌਰਾਨ ਕੋਈ ਵੀ ਬਿੱਲ ਪਾਸ ਨਹੀਂ ਕੀਤਾ ਜਾਂਦਾ ਸੀ ਪਰ ਹੁਣ ਤਾਂ ਸਰਕਾਰ ਨੂੰ ਬਹਾਨਾ ਮਿਲ ਗਿਆ ਹੈ ਅਤੇ ਉਹ ਬਿਨਾਂ ਬਹਿਸ ਦੇ ਹੀ ਬਿੱਲ ਪਾਸ ਕਰਵਾਉਂਦੀ ਜਾ ਰਹੀ ਹੈ। -ਪੀਟੀਆਈ

‘ਪੈਗਾਸਸ’ ਉਤੇ ਚਰਚਾ ਨਾ ਕਰਵਾ ਕੇ ਸੰਸਦ ਦਾ ਨਿਰਾਦਰ ਕੀਤਾ: ਥਰੂਰ

ਨਵੀਂ ਦਿੱਲੀ: ਸੂਚਨਾ ਤਕਨੀਕ ਬਾਰੇ ਸੰਸਦੀ ਕਮੇਟੀ ਦੇ ਚੇਅਰਮੈਨ ਸ਼ਸ਼ੀ ਥਰੂਰ ਨੇ ਕਿਹਾ ਕਿ ਮੈਂਬਰਾਂ ਨੇ 28 ਜੁਲਾਈ ਨੂੰ ਕਮੇਟੀ ਦੀ ਮੀਟਿੰਗ ਵਿਚ ‘ਅੜਿੱਕਾ’ ਪਾਇਆ ਕਿਉਂਕਿ ਉਹ ਪੈਗਾਸਸ ਜਾਸੂਸੀ ਕਾਂਡ ਉਤੇ ਵਿਚਾਰ-ਚਰਚਾ ਨਹੀਂ ਕਰਨਾ ਚਾਹੁੰਦੇ ਸਨ। ਥਰੂਰ ਨੇ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਨੇ ਬਿਆਨ ਦਰਜ ਕਰਵਾਉਣੇ ਸਨ, ਅਜਿਹਾ ਲੱਗਦਾ ਹੈ ਉਨ੍ਹਾਂ ਨੂੰ ‘ਕਮੇਟੀ ਦੀ ਬੈਠਕ ਵਿਚ ਨਾਂ ਸ਼ਾਮਲ ਹੋਣ ਲਈ ਕਹਿ ਦਿੱਤਾ ਗਿਆ।’ ਕਮੇਟੀ ਦੇ ਚੇਅਰਮੈਨ ਤੇ ਕਾਂਗਰਸੀ ਆਗੂ ਨੇ ਆਸ ਜਤਾਈ ਕਿ ਜਾਸੂਸੀ ਦਾ ਮੁੱਦਾ ਕਮੇਟੀ ਵੱਲੋਂ ਅਗਾਂਹ ਉਠਾਇਆ ਜਾਵੇਗਾ। ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਕਮੇਟੀ ਦੀ ਬੈਠਕ ਵਿਚ ਹਿੱਸਾ ਨਾ ਲੈਣ ਬਾਰੇ ਥਰੂਰ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਪੱਤਰ ਵੀ ਲਿਖਿਆ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਸੀ ਕਿ ਤਿੰਨ ਅਧਿਕਾਰੀਆਂ ਦੀ ਇਹ ਕਾਰਵਾਈ ਕਮੇਟੀਆਂ ਦੇ ਅਧਿਕਾਰ ਖੇਤਰ ਦੀ ਵੱਡੀ ਉਲੰਘਣਾ ਹੈ। ਕਮੇਟੀ ਵੱਲੋਂ ਤਲਬ ਕੀਤੇ ਜਾਣ ਦੇ ਬਾਵਜੂਦ ਅਧਿਕਾਰੀਆਂ ਨੇ ‘ਆਖ਼ਰੀ ਮੌਕੇ ਬਹਾਨਾ ਬਣਾਇਆ ਹੈ।’ ਇਕ ਇੰਟਰਵਿਊ ਵਿਚ ਕਾਂਗਰਸ ਆਗੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਵੀ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਵਿਰੋਧੀ ਧਿਰ ਸੰਸਦ ਦਾ ਨਿਰਾਦਰ ਕਰ ਰਹੀ ਹੈ ਜਦਕਿ ਖ਼ੁਦ ਸਰਕਾਰ ਜਾਸੂਸੀ ਜਿਹੇ ਗੰਭੀਰ ਮਸਲੇ ਉਤੇ ਜਵਾਬ ਦੇਣ ਤੋਂ ਮੁੱਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਰੂਪ ਵਿਚ ਕੌਮੀ ਤੇ ਕੌਮਾਂਤਰੀ ਮੁੱਦਿਆਂ ਉਤੇ ਜਵਾਬ ਦੇਣ ਤੋਂ ਸਰਕਾਰ ਦਾ ਇਨਕਾਰ ਕਰਨਾ ‘ਲੋਕਤੰਤਰ ਦਾ ਮਜ਼ਾਕ ਉਡਾਉਣ ਦੇ ਬਰਾਬਰ ਹੈ, ਇਹ ਆਮ ਭਾਰਤੀਆਂ ਦਾ ਵੀ ਅਪਮਾਨ ਹੈ ਜਿਨ੍ਹਾਂ ਦੀ ਨੁਮਾਇੰਦਗੀ ਇਹ ਸਰਕਾਰ ਕਰ ਰਹੀ ਹੈ।’ ਸਾਬਕਾ ਕੇਂਦਰੀ ਮੰਤਰੀ ਤੇ ਕੇਰਲਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਵਿਚਾਰ-ਚਰਚਾ ਤੇ ਜ਼ਿੰਮੇਵਾਰੀ ਲੈਣ ਤੋਂ ਮੁੱਕਰਨਾ ਅਸਲ ਵਿਚ ਸੰਸਦ ਦਾ ਅਪਮਾਨ ਹੈ। -ਪੀਟੀਆਈ

Source link

Leave a Reply

Your email address will not be published. Required fields are marked *