ਗੰਨੇ ਦੇ ਭਾਅ ’ਚ ਵਾਧੇ ਲਈ ਕਿਸਾਨਾਂ ਵੱਲੋਂ ਸੰਘਰਸ਼ ਸ਼ੁਰੂ

ਪਾਲ ਸਿੰਘ ਨੌਲੀ
ਜਲੰਧਰ, 20 ਅਗਸਤ

ਮੁੱਖ ਅੰਸ਼

  • ਕੌਮੀ ਮਾਰਗ ਤੇ ਰੇਲਵੇ ਲਾਈਨ ਕੀਤੀ ਜਾਮ
  • 32 ਕਿਸਾਨ ਜਥੇਬੰਦੀਆਂ ਦੇ ਆਗੂ ਹੋਏ ਹਾਜ਼ਰ

ਗੰਨੇ ਦਾ ਭਾਅ ਵਧਾਉਣ ਲਈ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਸਵੇਰੇ ਸਾਢੇ ਨੌਂ ਵਜੇ ਜਲੰਧਰ-ਦਿੱਲੀ ਕੌਮੀ ਮਾਰਗ ’ਤੇ ਜਾਮ ਲਾ ਦਿੱਤਾ। ਸ਼ਾਮ ਚਾਰ ਵਜੇ ਕੋਲੋਂ ਲੰਘਦੀ ਰੇਲਵੇ ਲਾਈਨ ’ਤੇ ਵੀ ਕਿਸਾਨ ਧਰਨਾ ਲਾ ਕੇ ਬੈਠ ਗਏ ਸਨ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਗੰਨੇ ਦੇ ਭਾਅ ਵਿਚ ਵਾਧਾ ਨਹੀਂ ਕਰਦੀ ਤੇ ਪਿਛਲੇ 200 ਕਰੋੜ ਰੁਪਏ ਦੇ ਬਕਾਏ ਦਾ ਭੁਗਤਾਨ ਨਹੀਂ ਕਰਦੀ, ਉਦੋਂ ਤੱਕ ਦਿਨ-ਰਾਤ ਦਾ ਧਰਨਾ ਜਾਰੀ ਰਹੇਗਾ। ਕੌਮੀ ਮਾਰਗ ’ਤੇ ਧਰਨਾ ਲਾਏ ਜਾਣ ਨਾਲ ਇਥੋਂ ਲੰਘਣ ਵਾਲੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਟਰੈਫਿਕ ਪੁਲੀਸ ਨੂੰ ਬਦਲਵੇਂ ਰਸਤਿਆਂ ਦਾ ਪ੍ਰਬੰਧ ਕਰਨਾ ਪਿਆ। ਰੱਖੜੀ ਦਾ ਤਿਓਹਾਰ ਹੋਣ ਕਰ ਕੇ ਸੜਕਾਂ ’ਤੇ ਆਵਾਜਾਈ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸੀ। ਇਸ ਸਬੰਧੀ ਕਿਸਾਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਤੇ ਗੰਨਾ ਕਮਿਸ਼ਨਰ ਨੂੰ ਪਹਿਲਾਂ ਸੁਨੇਹੇ ਦਿੱਤੇ ਗਏ ਸਨ ਕਿ ਕਿਸਾਨਾਂ ਦੀ ਮੀਟਿੰਗ ਸੱਦੀ ਜਾਵੇ, ਜੇ ਰੋਸ ਧਰਨਾ ਸ਼ੁਰੂ ਹੋ ਗਿਆ ਤਾਂ ਲੋਕ ਪ੍ਰੇਸ਼ਾਨ ਹੋਣਗੇ। ਇਸ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ। ਕਿਸਾਨਾਂ ਵੱਲੋਂ ਕੌਮੀ ਮਾਰਗ ’ਤੇ ਲਾਏ ਧਰਨੇ ’ਚ ਕਿਸਾਨ ਤੇ ਮਜ਼ਦੂਰ ਵੱਡੀ ਗਿਣਤੀ ਵਿਚ ਹਾਜ਼ਰ ਹੋਏ। ਗਰਮੀ ਕਰਕੇ ਸੜਕ ’ਤੇ ਹੀ ਦੂਰ ਤੱਕ ਟੈਂਟ ਲਾਏ ਹੋਏ ਸਨ। ਪੀਣ ਵਾਲੇ ਪਾਣੀ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਦੁਪਹਿਰ ਬਾਅਦ ਕਿਸਾਨਾਂ ਨੇ ਕੌਮੀ ਮਾਰਗ ਦੇ ਨਾਲ-ਨਾਲ ਧੰਨੋਵਾਲੀ ਫਾਟਕ ’ਤੇ ਰੇਲਵੇ ਲਾਈਨ ਉੱਤੇ ਵੀ ਧਰਨਾ ਲਾ ਦਿੱਤਾ। ਰੇਲਵੇ ਵਿਭਾਗ ਤੁਰੰਤ ਸਾਰੇ ਸਟੇਸ਼ਨਾਂ ’ਤੇ ਖੜ੍ਹੀਆਂ ਗੱਡੀਆਂ ਨੂੰ ਰੋਕਣ ਦੇ ਸਨੇਹੇ ਜਾਰੀ ਕਰ ਦਿੱਤੇ। ਜਲੰਧਰ ਛਾਉਣੀ ਸਟੇਸ਼ਨ ’ਤੇ ਵੀ ਸ਼ਾਨੇ-ਪੰਜਾਬ ਸਪੈਸ਼ਲ ਨੂੰ ਰੋਕ ਦਿੱਤਾ ਗਿਆ। ਇਸ ਤੋਂ ਇਲਾਵਾ ਛੱਤੀਸਗੜ੍ਹ ਸਪੈਸ਼ਲ ਨੂੰ ਕਰਤਾਰਪੁਰ ਤੇ ਡਿਬਰੂਗੜ੍ਹ ਸਪੈਸ਼ਲ ਨੂੰ ਬਿਆਸ ਰੋਕਿਆ ਗਿਆ। ਉਧਰ, ਕੌਮੀ ਮਾਰਗ ’ਤੇ ਅਣਮਿਥੇ ਸਮੇਂ ਲਈ ਧਰਨਾ ਲਾ ਕੇ ਬੈਠੇ ਕਿਸਾਨਾਂ ਨੂੰ ਮਨਾਉਣ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਸੀਨੀਅਰ ਅਧਿਕਾਰੀਆਂ ਨਾਲ ਪਹੁੰਚੇ ਪਰ ਇਨ੍ਹਾਂ ਅਧਿਕਾਰੀਆਂ ਨੂੰ ਖਾਲੀ ਹੱਥ ਪਰਤਣਾ ਪਿਆ ਕਿਉਂਕਿ ਕਿਸਾਨਾਂ ਨੇ ਕਿਹਾ ਕਿ ਉਹ ਮੰਗਾਂ ਪੂਰੀਆਂ ਹੋਣ ’ਤੇ ਹੀ ਕੌਮੀ ਮਾਰਗ ਤੇ ਰੇਲਵੇ ਟਰੈਕ ਛੱਡਣਗੇ। ਕਿਸਾਨਾਂ ਨੇ ਕਿਹਾ ਕਿ ਜਿਹੜੇ ਅਧਿਕਾਰੀ ਉਨ੍ਹਾਂ ਨੂੰ ਮਨਾਉਣ ਵਾਸਤੇ ਭੇਜੇ ਸਨ, ਉਨ੍ਹਾਂ ਕੋਲ ਫ਼ੈਸਲੇ ਲੈਣ ਦਾ ਕੋਈ ਅਧਿਕਾਰ ਹੀ ਨਹੀਂ ਸੀ।

ਜਲੰਧਰ ਤੇ ਫਗਵਾੜਾ ਵਿਚਾਲੇ ਰੇਲ ਮਾਰਗ ਜਾਮ ਕਰ ਕੇ ਰੋਸ ਜ਼ਾਹਿਰ ਕਰਦੇ ਹੋਏ ਕਿਸਾਨ। -ਫੋਟੋ: ਮਲਕੀਅਤ ਸਿੰਘ

ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਤੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਵਿਚ ਗੰਨੇ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ। ਉਨ੍ਹਾਂ ਮੰਗ ਕੀਤੀ ਕਿ ਗੰਨੇ ਦਾ ਭਾਅ 400 ਰੁਪਏ ਕੁਇੰਟਲ ਕੀਤਾ ਜਾਵੇ ਤੇ ਜਿਹੜਾ 200 ਕਰੋੜ ਦਾ ਬਕਾਇਆ ਹੈ, ਜਾਰੀ ਕੀਤਾ ਜਾਵੇ। ਇਸ ਮੌਕੇ ਕੁਲਵੰਤ ਸਿੰਘ ਸੰਧੂ, ਜਗਜੀਤ ਸਿੰਘ ਡੱਲੇਵਾਲ, ਹਰਪਾਲ ਸਿੰਘ, ਬਲਵਿੰਦਰ ਸਿੰਘ ਰਾਜੂ ਔਲਖ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।

ਲੋਕਾਂ ਨੂੰ ਪ੍ਰੇਸ਼ਾਨ ਕਰਨ ਦੇ ਹੱਕ ’ਚ ਨਹੀਂ: ਸਾਹਨੀ

ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੇ ਹੱਕ ਵਿਚ ਨਹੀਂ ਸਨ ਪਰ ਸਰਕਾਰ ਨੇ ਉਨ੍ਹਾਂ ਨੂੰ ਸੜਕ ਰੋਕਣ ਲਈ ਮਜਬੂਰ ਕਰ ਦਿੱਤਾ। ਲੋਕਾਂ ਨੂੰ ਆ ਰਹੀ ਤੰਗੀ ਬਾਰੇ ਮੁਆਫ਼ੀ ਮੰਗਦਿਆਂ ਉਨ੍ਹਾਂ ਕਿਹਾ ਕਿ ਅਸਲ ਵਿਚ ਇਹ ਕਿਸਾਨੀ ਰਾਹੀਂ ਪੰਜਾਬ ਨੂੰ ਬਚਾਉਣ ਦਾ ਮਸਲਾ ਹੈ।

Source link

Leave a Reply

Your email address will not be published. Required fields are marked *