ਸਿੱਧੂ ਦੇ ‘ਸਲਾਹਕਾਰ’ ਨੇ ਕਾਂਗਰਸ ਦੇ ਵ੍ਹਿਪ ’ਤੇ ਉਠਾਈ ਉਂਗਲ

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 6 ਸਤੰਬਰ

ਪੰਜਾਬ ਵਿਧਾਨ ਸਭਾ ਦੇ ਤਿੰਨ ਸਤੰਬਰ ਦੇ ਵਿਸ਼ੇਸ਼ ਇਜਲਾਸ ਮੌਕੇ ਕਾਂਗਰਸ ਪਾਰਟੀ ਤਰਫੋਂ ਜਾਰੀ ਵ੍ਹਿਪ ’ਤੇ ਡਾ. ਪਿਆਰੇ ਲਾਲ ਗਰਗ ਨੇ ਉਂਗਲ ਉਠਾਈ ਹੈ ਜੋ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਹਨ। ਡਾ. ਗਰਗ ਨੇ ਕਿਹਾ ਕਿ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਉਣਾ ਤਾਂ ਠੀਕ ਹੈ ਪਰ ਕਾਂਗਰਸ ਵਿਧਾਨਕਾਰ ਪਾਰਟੀ ਤਰਫ਼ੋਂ ਵ੍ਹਿਪ ਜਾਰੀ ਕਰਨਾ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਭਾਰਤ ਇੱਕ ਧਰਮ ਨਿਰਪੱਖ ਮੁਲਕ ਹੈ ਅਤੇ ਸੰਵਿਧਾਨ ਵੀ ਧਰਮ ਨਿਰਪੱਖਤਾ ’ਤੇ ਪਹਿਰਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਤਾਂ ਧਾਰਮਿਕ ਆਜ਼ਾਦੀ ਲਈ ਸੀਸ ਦਿੱਤਾ ਸੀ ਪਰ ਕਾਂਗਰਸ ਨੇ ਵ੍ਹਿਪ ਜਾਰੀ ਕਰਕੇ ਧਰਮ ਦੇ ਨਾਮ ’ਤੇ ਸੈਸ਼ਨ ’ਚ ਸ਼ਾਮਲ ਹੋਣ ਲਈ ਵਿਧਾਇਕਾਂ ਨੂੰ ਮਜਬੂਰ ਕੀਤਾ ਹੈ। ਡਾ. ਗਰਗ ਨੇ ਨਿੱਜੀ ਹੈਸੀਅਤ ਵਿਚ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਵੱਲੋਂ ਵ੍ਹਿਪ ਜਾਰੀ ਕਰਨਾ ਦੇਸ਼ ਦੇ ਧਰਮ ਨਿਰਪੱਖ ਏਜੰਡੇ ’ਤੇ ਉਂਗਲ ਖੜ੍ਹੀ ਕਰਨਾ ਹੈ। ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਵ੍ਹਿਪ ਦਾ ਮਤਲਬ ਹੈ ਕਿ ਵਿਧਾਇਕਾਂ ਨੂੰ ਸੈਸ਼ਨ ’ਚ ਸ਼ਾਮਲ ਹੋਣਾ ਪਵੇਗਾ ਅਤੇ ਵੋਟ ਆਦਿ ਪਾਉਣ ਲਈ ਮਜਬੂਰ ਹੋਣਾ ਪਵੇਗਾ। ਡਾ. ਗਰਗ ਨੇ ਕਿਹਾ ਕਿ ਉਨ੍ਹਾਂ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੱਖੇ ਗਏ ਰਾਮ ਮੰਦਰ ਦੇ ਨੀਂਹ ਪੱਥਰ ਦੀ ਵੀ ਨਿੰਦਾ ਕੀਤੀ ਸੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦਾ ਸੈਸ਼ਨ ਬੁਲਾਉਣਾ ਸੰਵਿਧਾਨਕ ਮਜਬੂਰੀ ਸੀ। ‘ਵੈਸੇ ਪ੍ਰਕਾਸ਼ ਪੁਰਬ ਮਨਾਉਣਾ ਗਲਤ ਨਹੀਂ ਹੈ ਪਰ ਵ੍ਹਿਪ ਜਾਰੀ ਕਰਨਾ ਠੀਕ ਰਵਾਇਤ ਨਹੀਂ ਹੈ ਅਤੇ ਇਹ ਲੋਕ ਰਾਜ ਦਾ ਅਪਮਾਨ ਵੀ ਹੈ। ਸ੍ਰੀ ਗਰਗ ਨੇ ਸਪੱਸ਼ਟ ਕੀਤਾ ਕਿ ਉਹ ਨਵਜੋਤ ਸਿੱਧੂ ਦੇ ਸਲਾਹਕਾਰ ਦੇ ਤੌਰ ’ਤੇ ਨਹੀਂ ਸਗੋਂ ਨਿੱਜੀ ਪੱਧਰ ’ਤੇ ਇਹ ਆਖ ਰਹੇ ਹਨ।

ਡਾ. ਗਰਗ ਸਾਨੂੰ ਸਲਾਹ ਨਾ ਦੇਵੇ: ਕੰਬੋਜ

ਕਾਂਗਰਸ ਵਿਧਾਨਕਾਰ ਪਾਰਟੀ ਦੇ ਚੀਫ਼ ਵ੍ਹਿਪ ਅਤੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਡਾ. ਪਿਆਰੇ ਲਾਲ ਗਰਗ ਉਨ੍ਹਾਂ ਨੂੰ ਕੋਈ ਸਲਾਹ ਨਾ ਦੇਣ ਬਲਕਿ ਉਹ ਨਵਜੋਤ ਸਿੱਧੂ ਨੂੰ ਸਲਾਹ ਦੇਣ। ਵਿਧਾਨਕਾਰ ਪਾਰਟੀ ਕਿਵੇਂ ਚਲਾਉਣੀ ਹੈ, ਉਹ ਸੀਐੱਲਪੀ ਲੀਡਰ ਦੀਆਂ ਹਦਾਇਤਾਂ ਮੁਤਾਬਿਕ ਚੱਲੇਗੀ। ਉਨ੍ਹਾਂ ਕਿਹਾ ਕਿ ਡਾ. ਗਰਗ ਨਵਾਂ ਵਿਵਾਦ ਛੇੜਨਾ ਚਾਹੁੰਦੇ ਹਨ। ਕੰਬੋਜ ਨੇ ਕਿਹਾ ਕਿ ਹਰ ਸੈਸ਼ਨ ਮੌਕੇ ਵਿਧਾਇਕਾਂ ਨੂੰ ਸੂਚਨਾ ਦੇਣ ਅਤੇ ਸਮੇਂ ਸਿਰ ਸੈਸ਼ਨ ਵਿਚ ਪਹੁੰਚਣ ਲਈ ਹਦਾਇਤ ਕੀਤੀ ਜਾਂਦੀ ਹੈ। ਨੌਵੀਂ ਪਾਤਸ਼ਾਹੀ ਨੂੰ ਸਮਰਪਿਤ ਇਹ ਵਿਸ਼ੇਸ਼ ਇਜਲਾਸ ਸੀ ਅਤੇ ਸਭ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਹਨ।

Source link

Leave a Reply

Your email address will not be published. Required fields are marked *