ਸਾਬਕਾ ਅਫ਼ਗਾਨ ਉਪ ਰਾਸ਼ਟਰਪਤੀ ਦੇ ਭਰਾ ਦੀ ਤਾਲਿਬਾਨ ਵੱਲੋਂ ਹੱਤਿਆ

ਕਾਬੁਲ, 11 ਸਤੰਬਰ

ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਮਰੁੱਲ੍ਹਾ ਸਾਲੇਹ ਦੇ ਭਰਾ ਦੀ ਤਾਲਿਬਾਨ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਸਾਲੇਹ ਦੇ ਭਤੀਜੇ ਨੇ ਦੱਸਿਆ ਕਿ ਪੰਜਸ਼ੀਰ ਸੂਬੇ ਵਿਚ ਉਸ ਦੇ ਡਰਾਈਵਰ ਨੂੰ ਵੀ ਤਾਲਿਬਾਨ ਨੇ ਮਾਰ ਮੁਕਾਇਆ ਹੈ। ਸ਼ੁਰੇਸ਼ ਸਾਲੇਹ ਨੇ ਦੱਸਿਆ ਕਿ ਉਸ ਦੇ ਅੰਕਲ ਰੋਹੁੱਲ੍ਹਾ ਅਜ਼ੀਜ਼ੀ ਕਾਰ ਵਿਚ ਵੀਰਵਾਰ ਕਿਤੇ ਜਾ ਰਹੇ ਸਨ ਜਦ ਉਨ੍ਹਾਂ ਨੂੰ ਤਾਲਿਬਾਨ ਲੜਾਕਿਆਂ ਨੇ ਇਕ ਨਾਕੇ ਉਤੇ ਰੋਕਿਆ। ਉਸ ਨੇ ਦੱਸਿਆ ਕਿ ਨਾਕੇ ਉਤੇ ਹੀ ਲੜਾਕਿਆਂ ਨੇ ਅਜ਼ੀਜ਼ੀ ਤੇ ਡਰਾਈਵਰ ਦੀ ਹੱਤਿਆ ਕਰ ਦਿੱਤੀ। ਤਾਲਿਬਾਨ ਦੇ ਬੁਲਾਰੇ ਨੇ ਹਾਲੇ ਤੱਕ ਇਸ ਮਾਮਲੇ ਉਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਸ਼ੁਰੇਸ਼ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਜਦ ਉਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ ਤਾਂ ਉਹ ਕਿੱਥੇ ਜਾ ਰਹੇ ਸਨ। ਉਸ ਨੇ ਕਿਹਾ ਕਿ ਇਲਾਕੇ ਵਿਚ ਫੋਨ ਨਹੀਂ ਚੱਲ ਰਹੇ ਸਨ। ਜ਼ਿਕਰਯੋਗ ਹੈ ਕਿ ਅਮਾਰੁੱਲ੍ਹਾ ਸਾਲੇਹ ਪੰਜਸ਼ੀਰ ਵਿਚ ਤਾਲਿਬਾਨ ਖ਼ਿਲਾਫ਼ ਲੜ ਰਹੀਆਂ ਤਾਕਤਾਂ ਦੀ ਅਗਵਾਈ ਕਰ ਰਿਹਾ ਹੈ। ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ਵਿਚ ਤਾਲਿਬਾਨ ਲੜਾਕੇ ਉਨ੍ਹਾਂ ਦੇ ਵਿਰੋਧੀਆਂ ਉਤੇ ਪੰਜਸ਼ੀਰ ਵਿਚ ਗੋਲੀਆਂ ਚਲਾ ਕਰ ਰਹੇ ਹਨ। ਇਨ੍ਹਾਂ ਨੂੰ ਉਨ੍ਹਾਂ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ। -ਏਪੀ

ਕਾਬੁਲ ਯੂਨੀਵਰਸਿਟੀ ਦੇ ਆਡੀਟੋਰੀਅਮ ਵਿੱਚ ਲੜਕੀਆਂ ਤਾਲਿਬਾਨ ਦੇ ਝੰਡੇ ਹੱਥਾਂ ਵਿੱਚ ਫੜਕੇ ਤਾਲਿਬਾਨ ਸਰਕਾਰ ਦੀ ਹਮਾਇਤ ਕਰਦੀਆਂ ਹੋਈਆਂ। -ਫੋਟੋ: ਏਪੀ

ਅਫ਼ਗਾਨ ਸੰਕਟ ਨਾਲ ਨਜਿੱਠਣ ’ਚ ਭਾਰਤ ਦੀ ਭੂਮਿਕਾ ਬਹੁਤ ਅਹਿਮ: ਅਮਰੀਕਾ

ਲੰਡਨ: ਅਮਰੀਕਾ ਨੇ ਅੱਜ ਕਿਹਾ ਕਿ ਭਾਰਤ ਉਨ੍ਹਾਂ ਦਾ ਅਹਿਮ ਭਾਈਵਾਲ ਹੈ ਤੇ ਅਫ਼ਗਾਨਿਸਤਾਨ ਵਿਚ ਇਸ ਦੇ ਨਿਵੇਸ਼ ਦਾ ਮੁਲਕ ਦੇ ਭਵਿੱਖ ਉਤੇ ਚੰਗਾ ਅਸਰ ਪੈ ਸਕਦਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਜ਼ੈਦ ਤਰਾਰ ਨੇ ਮੁੜ ਦੁਹਰਾਇਆ ਕਿ ਅਫ਼ਗਾਨਿਸਤਾਨ ਦੀ ਜੰਗ ਵਿਚ ਅਮਰੀਕਾ ਨੇ ਆਪਣਾ ਕੇਂਦਰੀ ਮਿਸ਼ਨ ਸਫ਼ਲਤਾ ਨਾਲ ਸਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਖੇਤਰੀ ਭਾਈਵਾਲ ਵਜੋਂ ਭਾਰਤ ਦੀ ਭੂਮਿਕਾ ਅਹਿਮ ਹੈ। 

ਰਾਸ਼ਟਰਪਤੀ ਮਹਿਲ ’ਤੇ ਤਾਲਿਬਾਨ ਨੇ ਝੰਡਾ ਲਾਇਆ

ਕਾਬੁਲ: ਤਾਲਿਬਾਨ ਨੇ ਕਾਬੁਲ ਸਥਿਤ ਰਾਸ਼ਟਰਪਤੀ ਮਹਿਲ ਉਤੇ ਅੱਜ ਆਪਣਾ ਝੰਡਾ ਝੁਲਾ ਦਿੱਤਾ। ਅੱਜ ਪੂਰੀ ਦੁਨੀਆ 11 ਸਤੰਬਰ ਦੇ ਹਮਲਿਆਂ ਦੀ 20ਵੀਂ ਵਰ੍ਹੇਗੰਢ ਮਨਾ ਰਹੀ ਸੀ। ਤਾਲਿਬਾਨ ਨੇ ਹੀ ਓਸਾਮਾ ਬਿਨ ਲਾਦੇਨ ਨੂੰ ਸ਼ਰਨ ਦਿੱਤੀ ਸੀ ਜਿਸ ਨੇ ਅਮਰੀਕਾ ਵਿਚ ਹੋਏ ਹਮਲਿਆਂ ਨੂੰ ਅੰਜਾਮ ਦੇਣ ਵਾਲੀ ਜਥੇਬੰਦੀ ਦੀ ਸਥਾਪਨਾ ਕੀਤੀ ਸੀ। ਝੰਡਾ ਸ਼ੁੱਕਰਵਾਰ ਨੂੰ ਹੀ ਲਾ ਦਿੱਤਾ ਗਿਆ ਸੀ। 

ਦੁਨੀਆ ਦੇ ਹੋਰ ਗਰੁੱਪ ਵੀ ਤਾਲਿਬਾਨ ਦੀ ਕਰ ਸਕਦੇ ਨੇ ਰੀਸ: ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਨੇ ਅੱਜ ਕਿਹਾ ਕਿ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਜਿੱਤ ਸੰਸਾਰ ਦੇ ਹੋਰਨਾਂ ਹਿੱਸਿਆਂ ਵਿਚ ਦੂਜੇ ਗਰੁੱਪਾਂ ਨੂੰ ਵੀ ਅਜਿਹਾ ਕਰਨ ਦੀ ਹਿੰਮਤ ਦੇ ਸਕਦੀ ਹੈ। ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਚਿਤਾਵਨੀ ਦਿੰਦਿਆਂ ਆਲਮੀ ਪੱਧਰ ਉਤੇ ਅਤਿਵਾਦ ’ਤੇ ਪਸਾਰ ਉਤੇ ਫ਼ਿਕਰ ਜ਼ਾਹਿਰ ਕੀਤਾ। ਉਨ੍ਹਾਂ ਨਾਲ ਹੀ ਜ਼ੋਰ ਦੇ ਕੇ ਕਿਹਾ ਕਿ ਇਸ ਅਤਿਵਾਦੀ ਸੰਗਠਨ ਨਾਲ ਸੰਵਾਦ ‘ਬਹੁਤ ਜ਼ਰੂਰੀ ਹੈ।’ ਗੁਟੇਰੇਜ਼ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਚਾਹੁੰਦਾ ਹੈ ਕਿ ਇਹ ਮੁਲਕ ਕੌਮਾਂਤਰੀ ਰਿਸ਼ਤਿਆਂ ਵਿਚ ‘ਉਸਾਰੂ ਭੂਮਿਕਾ’ ਨਿਭਾਏ। ਗੁਟੇਰੇਜ਼ ਨੇ ਕਿਹਾ ਕਿ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਜੋ ਵੀ ਵਾਪਰ ਰਿਹਾ ਹੈ, ਉਹ ਉਸ ਬਾਰੇ ਬਹੁਤ ਫ਼ਿਕਰਮੰਦ ਹਨ। ਸਕੱਤਰ ਜਨਰਲ ਨੇ ਕਿਹਾ ਕਿ ਦੁਨੀਆ ਵਿਚ ਕਈ ਹੋਰ ਸੰਗਠਨ ਹਨ ਜੋ ਕਿ ਤਾਲਿਬਾਨ ਤੋਂ ਬਿਲਕੁਲ ਵੱਖ ਹਨ, ਇਨ੍ਹਾਂ ਵਿਚੋਂ ਕਈਆਂ ਨੇ ਤਾਲਿਬਾਨ ਨੂੰ ਵਧਾਈਆਂ ਦਿੱਤੀਆਂ ਹਨ। ਹੁਣ ਉਹ ਆਪਣੀ ਸਮਰੱਥਾ ਬਾਰੇ ਵੀ ਉਤਸ਼ਾਹ ਨਾਲ ਦੱਸ ਰਹੇ ਹਨ। ਉਨ੍ਹਾਂ ਇਸ ਮੌਕੇ ਸਹੇਲ ਖੇਤਰ ਦਾ ਜ਼ਿਕਰ ਕੀਤਾ ਜੋ ਕਿ ਅਫ਼ਰੀਕਾ ਵਿਚ ਸਹਾਰਾ ਅਤੇ ਸੂਡਾਨ ਵਿਚਾਲੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉੱਥੇ ਕੋਈ ਸੁਰੱਖਿਆ ਢਾਂਚਾ ਨਹੀਂ ਹੈ ਤੇ ਅਤਿਵਾਦੀਆਂ ਦਾ ਰਸੂਖ਼ ਉੱਥੇ ਵੀ ਵੱਧਦਾ ਜਾ ਰਿਹਾ ਹੈ। ਗੁਟੇਰੇਜ਼ ਨੇ ਕਿਹਾ ‘ਜਦ ਕੋਈ ਅਜਿਹਾ ਗਰੁੱਪ ਹੋਵੇ, ਭਾਵੇਂ ਉਹ ਛੋਟਾ ਵੀ ਹੋਵੇ, ਜਿਹੜਾ ਕਿਸੇ ਵੀ ਹਾਲਤ ਵਿਚ ਮਰ-ਮਿਟਣ ਲਈ ਤਿਆਰ ਹੋਵੇ, ਮੌਤ ਨੂੰ ਚੰਗੀ ਚੀਜ਼ ਮੰਨਦਾ ਹੋਵੇ, ਜੇ ਉਹ ਕਿਸੇ ਮੁਲਕ ਉਤੇ ਹਮਲਾ ਕਰਨ ਬਾਰੇ ਸੋਚਦਾ ਹੈ, ਤਾਂ ਇਸ ਸਥਿਤੀ ਵਿਚ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਫ਼ੌਜਾਂ ਉਨ੍ਹਾਂ ਦਾ ਟਾਕਰਾ ਕਰਨ ਵਿਚ ਨਾਕਾਮ ਹੋ ਰਹੀਆਂ ਹਨ। ਉਹ ਥੱਕ-ਹਾਰ ਕੇ ਭੱਜ ਰਹੇ ਹਨ।’ ਗੁਟੇਰੇਜ਼ ਨੇ ਕਿਹਾ ਕਿ ਅਫ਼ਗਾਨ ਫ਼ੌਜ ਸੱਤ ਦਿਨਾਂ ਵਿਚ ਹੀ ਲਾਪਤਾ ਹੋ ਗਈ। ਉਨ੍ਹਾਂ ਕਿਹਾ ਕਿ ਬਹੁਤੇ ਦੇਸ਼ ਅਤਿਵਾਦ ਨਾਲ ਨਜਿੱਠਣ ਲਈ ਤਿਆਰ ਨਹੀਂ ਹਨ। ਸਾਨੂੰ ਬਹੁਤ ਜ਼ਿਆਦਾ ਮਜ਼ਬੂਤ ਏਕੇ ਦੀ ਲੋੜ ਹੈ, ਮੁਲਕਾਂ ਨੂੰ ਇਕਜੁੱਟ ਹੋ ਕੇ ਅਤਿਵਾਦ ਨਾਲ ਲੜਨਾ ਪਏਗਾ। ਗੁਟੇਰੇਜ਼ ਨੇ ਕਿਹਾ ਕਿ ਉਹ ਤਾਲਿਬਾਨ ਨਾਲ ਸਥਾਈ ਰਾਬਤਾ ਰੱਖ ਰਹੇ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਸੰਯੁਕਤ ਰਾਸ਼ਟਰ ਦੇ ਅਧਿਕਾਰੀ ਮਾਰਟਿਨ ਗ੍ਰਿਫਿਥ ਨੇ ਤਾਲਿਬਾਨ ਦੀ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ ਹੈ। ਗੁਟੇਰੇਜ਼ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਤਾਲਿਬਾਨ ਆਪਣੀ ਸਰਕਾਰ ਵਿਚ ਸਾਰੇ ਵਰਗਾਂ ਦੀ ਸ਼ਮੂਲੀਅਤ ਯਕੀਨੀ ਬਣਾਏ।  -ਪੀਟੀਆਈ

Source link

Leave a Reply

Your email address will not be published. Required fields are marked *