ਕਿਸਾਨਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ: ਕਿਸਾਨ ਮੋਰਚਾ

ਲਖੀਮਪੁਰ ਖੀਰੀ (ਯੂਪੀ), 12 ਅਕਤੂਬਰ

ਮੁੱਖ ਅੰਸ਼

  • ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ
  • ਪ੍ਰਮੁੱਖ ਕਿਸਾਨ ਆਗੂ, ਪ੍ਰਿਯੰਕਾ ਗਾਂਧੀ ਅਤੇ ਹੋਰ ਆਗੂ ਮੁੱਖ ਪੰਡਾਲ ’ਚ ਰਹੇ ਹਾਜ਼ਰ

ਲਖੀਮਪੁਰ ਹਿੰਸਾ ਦੌਰਾਨ ਮਾਰੇ ਗਏ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਦੀ ਇਥੇ ਤਿਕੋਨੀਆ ਪਿੰਡ ਨੇੜੇ ਹੋਈ ਸਾਂਝੀ ‘ਅੰਤਿਮ ਅਰਦਾਸ’ ਵਿੱਚ ਸ਼ਾਮਲ ਕਿਸਾਨ ਆਗੂਆਂ ਨੇ ਅੱਜ ਐਲਾਨ ਕੀਤਾ ਕਿ ਕਿਸਾਨਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ ਤੇ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਵਿੱਢੇ ਸੰਘਰਸ਼ ਦਾ ਘੇਰਾ ਹੋਰ ਮੋਕਲਾ ਕਰਨ ਦਾ ਸੰਕਲਪ ਦੁਹਰਾਇਆ। ਆਗੂਆਂ ਨੇ ਕਿਹਾ ਕਿ ਭਾਜਪਾ-ਆਰਐੈੱਸਐੱਸ ਦੀ ਫਿਰਕੂ ਤੇ ਫੁੱਟਪਾਊ ਸਿਆਸਤ ਜ਼ਰੀਏ ਕਿਸਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ, ਜਿਨ੍ਹਾਂ ਵਿੱਚ ਰਾਕੇਸ਼ ਟਿਕੈਤ, ਦਰਸ਼ਨ ਪਾਲ, ਜੋਗਿੰਦਰ ਸਿੰਘ ਉਗਰਾਂਹਾ, ਧਰਮਿੰਦਰ ਮਲਿਕ ਸ਼ਾਮਲ ਸਨ, ਤੋਂ ਇਲਾਵਾ ਸਥਾਨਕ ਕਿਸਾਨ ਯੂਨੀਅਨ ਦੇ ਆਗੂਆਂ ਨੇ ਵੀ ‘ਅੰਤਿਮ ਅਰਦਾਸ’ ਦੌਰਾਨ ਕਿਸਾਨਾਂ ਤੇ ਪੱਤਰਕਾਰ ਨੂੰ ਸ਼ਰਧਾਂਜਲੀਆਂ ਦਿੱਤੀਆਂ।

ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਲਖੀਮਪੁਰ ਹਿੰਸਾ ’ਚ ਜ਼ਖ਼ਮੀ ਹੋਏ ਕਿਸਾਨ ਦਾ ਹਾਲ-ਚਾਲ ਪੁੱਛਦੀ ਹੋਈ।

ਪ੍ਰਿਯੰਕਾ ਗਾਂਧੀ, ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ, ਅਜੈ ਕੁਮਾਰ ਲੱਲੂ ਤੇ ਹੋਰਨਾਂ ਕਾਂਗਰਸੀ ਆਗੂਆਂ ਨਾਲ ਦੁਪਹਿਰ ਇਕ ਵਜੇ ਦੇ ਕਰੀਬ ‘ਅੰਤਿਮ ਅਰਦਾਸ’ ਵਾਲੇ ਪੰਡਾਲ ਵਿੱਚ ਪੁੱਜੇ। ਹੋਰਨਾਂ ਸਿਆਸੀ ਆਗੂਆਂ ਵਿੱਚ ਸਮਾਜਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਮਪਾਲ ਸਿੰਘ ਯਾਦਵ, ਡਾ.ਆਰ.ਏ.ਉਸਮਾਨੀ, ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਜੈਯੰਤ ਚੌਧਰੀ ਵੀ ਮੌਜੂਦ ਸਨ। ਮੋਰਚੇ ਵੱਲੋਂ ਕੀਤੇ ਐਲਾਨ ਮੁਤਾਬਕ ਅੱਜ ਕਿਸੇ ਵੀ ਸਿਆਸੀ ਆਗੂ ਨੂੰ ਸਟੇਜ ਸਾਂਝੀ ਕਰਨ ਦੀ ਆਗਿਆ ਨਹੀਂ ਦਿੱਤੀ ਗਈ। ਅੰਤਿਮ ਅਰਦਾਸ ਵਿੱਚ ਸਿਰਫ਼ ਉੱਤਰ ਪ੍ਰਦੇਸ਼ ਤੇ ਲਖੀਮਪੁਰ ਜ਼ਿਲ੍ਹੇ ਦੇ ਕਿਸਾਨ ਹੀ ਨਹੀਂ ਬਲਕਿ ਪੰਜਾਬ, ਹਰਿਆਣਾ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਰਾਜਸਥਾਨ ਤੇ ਹੋਰਨਾਂ ਰਾਜਾਂ ਦੇ ਕਿਸਾਨ ਵੀ ਸ਼ਾਮਲ ਹੋਏ। ਯੂਪੀ ਸਰਕਾਰ ਨੇ ਲੋਕਾਂ ਨੂੰ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਤੋਂ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਪੁਲੀਸ ਰੋਕਾਂ ਦੇ ਬਾਵਜੂਦ ਲੋਕ ਵੱਡੀ ਗਿਣਤੀ ਵਿੱਚ ਤਿਕੋਨੀਆ ਪੁੱਜਣ ਵਿੱਚ ਸਫ਼ਲ ਰਹੇ। ਕਿਸਾਨਾਂ ਨੇ ਸਪਸ਼ਟ ਐਲਾਨ ਕੀਤਾ ਕਿ ਉਹ ਭਾਜਪਾ-ਆਰਐੱਸਐੱਸ ਦੀ ਵੰਡਪਾਊ ਸਿਆਸਤ ਨੂੰ ਉਨ੍ਹਾਂ ਦਾ ਏਕਾ ਤੋੜਨ ਦੀ ਇਜਾਜ਼ਤ ਨਹੀਂ ਦੇਣਗੇ। ਮੋਰਚੇ ਦੇ ਆਗੂਆਂ ਨੇ ਇਕ ਬਿਆਨ ਵਿੱਚ ਕਿਹਾ, ‘‘ਇਕ ਸ਼ਾਂਤਮਈ ਤੇ ਜਮਹੂਰੀ ਅੰਦੋਲਨ ਨੂੰ ਕੁਚਲਣ ਦੀ ਭਾਜਪਾ ਦੀਆਂ ਕੋਸ਼ਿਸ਼ਾਂ ਨੂੰ ਹੁਣ ਤੱਕ ਪੂਰੇ ਦੇਸ਼ ਨੇ ਵੇਖਿਆ ਹੈ। ਅਸੀਂ ਅੰਦੋਲਨ ਨੂੰ ਲੀਹੋਂ ਉਤਰਨ ਨਹੀਂ ਦੇਵਾਂਗੇ ਤੇ ਹੋਰ ਮਜ਼ਬੂਤ ਹੋ ਕੇ ਨਿਕਲਾਂਗੇ।’’ ਉਨ੍ਹਾਂ ਕਿਹਾ ਕਿ ਲਖੀਮਪੁਰ ਹਿੰਸਾ ਮਾਮਲੇ ’ਚ ਪੀੜਤਾਂ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। ਆਗੂਆਂ ਨੇ ਕਿਹਾ ਕਿ ਯੂਪੀ ਦੇ ਸਾਰੇ ਜ਼ਿਲ੍ਹਿਆਂ ਤੇ ਹੋਰਨਾਂ ਰਾਜਾਂ ਵਿੱਚ ਕਲਸ਼ ਯਾਤਰਾਵਾਂ ਕੱਢਣ ਲਈ, ਦਸਹਿਰੇ ਮੌਕੇ 15 ਅਕਤੂਬਰ ਨੂੰ ਭਾਜਪਾ ਆਗੂਆਂ ਦੇ ਪੁਤਲੇ ਸਾੜਨ ਤੇ 18 ਅਕਤੂਬਰ ਨੂੰ ਰੇਲ ਰੋਕੋ ਲਈ ਸਮੁੱਚੀ ਯੋਜਨਾ ਜਾਰੀ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਪੁਣਛ ਵਿੱਚ ਦਹਿਸ਼ਤਗਰਦਾਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ ਫੌਜੀਆਂ ਜਸਵਿੰਦਰ ਸਿੰਘ, ਸਾਰਜ ਸਿੰਘ, ਗੱਜਣ ਸਿੰਘ, ਮਨਦੀਪ ਸਿੰਘ ਤੇ ਵੈਸਾਖ ਐੱਚ. ਨੂੰ ਵੀ ਸ਼ਰਧਾਂਜਲੀ ਦਿੱਤੀ। ਡਾ.ਰਾਮ ਮਨੋਹਰ ਲੋਹੀਆ ਦੀ 54ਵੀਂ ਬਰਸੀ ਮੌਕੇ ਉਨ੍ਹਾਂ ਨੂੰ ਵੀ ਯਾਦ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਡਾ.ਦਰਸ਼ਨ ਪਾਲ, ਬੀਕੇਯੂ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਬੀਕੇਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਆਦਿ ਨੇ ਵੀ ਸੰਬੋਧਨ ਕੀਤਾ।

ਡਾ. ਦਰਸ਼ਨ ਪਾਲ ਅੰਤਿਮ ਅਰਦਾਸ ਮੌਕੇ ਸੰਬੋਧਨ ਕਰਦੇ ਹੋਏ।

ਤਿਕੋਨੀਆ ਦੇ ਸਾਹਿਬਜ਼ਾਦਾ ਇੰਟਰ ਕਾਲਜ ਦੇ ਖੁੱਲ੍ਹੇ ਮੈਦਾਨ ਵਿੱਚ ਲੱਗੀ ਸਟੇਜ ’ਤੇ ਬਹਿਰਾਈਚ ਜ਼ਿਲ੍ਹੇ ਨਾਲ ਸਬੰਧਤ ਪੀੜਤ ਕਿਸਾਨ ਦਲਜੀਤ ਸਿੰਘ ਤੇ ਗੁਰਵਿੰਦਰ ਸਿੰਘ, ਖੀਰੀ ਜ਼ਿਲ੍ਹੇ ਦੇ ਕਿਸਾਨ ਨਛੱਤਰ ਸਿੰਘ ਤੇ ਲਵਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਨਿਗਹਾਸਨ (ਖੀਰੀ) ਦੇ ਪੱਤਰਕਾਰ ਰਮਨ ਕਸ਼ਯਪ ਦਾ ਭਰਾ ਤੇ ਧੀ ਉਨ੍ਹਾਂ ਦੀਆਂ ਫੋਟੋਆਂ ਲੈ ਕੇ ਬੈਠੇ ਹੋਏ ਸਨ। ਇਸ ਤੋਂ ਪਹਿਲਾਂ ਪਿੰਡ ਦੇ ਕੌਡੀਆਲਾ ਘਾਟ ਗੁਰਦੁਆਰੇ ਵਿੱਚ ‘ਅਖੰਡ ਪਾਠ’ ਦੇ ਭੋਗ ਪਾ ਗਏ। ਪ੍ਰੋਗਰਾਮ ਵਾਲੀ ਥਾਂ ਪੰਡਾਲ ਦੇ ਅੰਦਰ ਤੇ ਬਾਹਰ ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮ ਤਾਇਨਾਤ ਸਨ। ਲਖਨਊ ਦੇ ਕਮਿਸ਼ਨਰ, ਏਡੀਜੀ, ਆਈਜੀ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਖ਼ੁਦ ਤਿਕੋਨੀਆ ਵਿੱਚ ਡੇਰਾ ਲਾ ਕੇ ਸੁਰੱਖਿਆ ਪ੍ਰਬੰਧਾਂ ’ਤੇ ਨਜ਼ਰ ਰੱਖੀ। ਅਮਨ ਤੇ ਕਾਨੂੰਨ ਬਣਾਈ ਰੱਖਣ ਲਈ ਪੁਲੀਸ, ਪੀਏਸੀ ਤੇ ਨੀਮ ਫੌਜੀ ਬਲਾਂ ਦੀ ਤਾਇਨਾਤੀ ਕੀਤੀ ਗਈ ਸੀ। -ਪੀਟੀਆਈ

ਕਿਸਾਨਾਂ ਨੂੰ ਨਿਆਂ ਦਿਵਾਉਣ ਲਈ ਆਖਰੀ ਸਾਹ ਤੱਕ ਲੜਾਂਗੀ: ਪ੍ਰਿਯੰਕਾ

ਪ੍ਰਿਯੰਕਾ ਨੇ ਪੱਤਰਕਾਰਾਂ ਨੂੰ ਕਿਹਾ, ‘‘ਅੱਜ ਮੈਂ ਅੰਤਿਮ ਅਰਦਾਸ ਲਈ ਆਈ ਹਾਂ। ਇਸ ਲਈ ਕੁਝ ਨਹੀਂ ਬੋਲਾਂਗੀ, ਹਾਂ ਇੰਨਾ ਜ਼ਰੂਰ ਹੈ ਕਿ ਆਖਰੀ ਸਾਹਾਂ ਤੱਕ ਕਿਸਾਨਾਂ ਨੂੰ ਨਿਆਂ ਦਿਵਾਉਣ ਲਈ ਲੜਾਂਗੀ।’ ਪੰਡਾਲ ’ਚ ਹੋਰਨਾਂ ਪਾਰਟੀ ਆਗੂਆਂ ਨਾਲ ਪੁੱਜੀ ਪ੍ਰਿਯੰਕਾ ਗਾਂਧੀ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ ਤੇ ਉਥੇ ਪਈਆਂ ਮ੍ਰਿਤ ਕਿਸਾਨਾਂ ਦੀਆਂ ਤਸਵੀਰਾਂ ’ਤੇ ਫੁੱਲ ਚੜ੍ਹਾਏ।

ਅਜੈ ਮਿਸ਼ਰਾ ਨੂੰ ਨਾ ਹਟਾਇਆ ਤਾਂ ਅੰਦੋਲਨ ਤੇਜ਼ ਕਰਾਂਗੇ: ਟਿਕੈਤ

ਬੀਕੇਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਨਾ ਹਟਾਉਣ ’ਤੇ ਅੰਦੋਲਨ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਟਿਕੈਤ ਨੇ ਕਿਹਾ ਕਿ 15 ਅਕਤੂਬਰ ਨੂੰ ਦਸਹਿਰੇ ਮੌਕੇ ਭਾਜਪਾ ਸਰਕਾਰ ਦੀ ਕਿਸਾਨ ਵਿਰੋਧੀ ਸਰਗਰਮੀਆਂ ਨੂੰ ਉਜਾਗਰ ਕਰਨ ਲਈ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਸਮੇਤ ਹੋਰਨਾਂ ਭਾਜਪਾ ਆਗੁੂਆਂ ਦੇ ਪੁਤਲੇ ਫੂਕੇ ਜਾਣਗੇ।

ਰਾਹੁਲ ਤੇ ਪ੍ਰਿਯੰਕਾ ਦਲਿਤਾਂ ’ਤੇ ਤਸ਼ੱਦਦ ਬਾਰੇ ਚੁੱਪ ਕਿਉਂ: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਕਾਂਗਰਸ ਸ਼ਾਸਿਤ ਸੂਬਿਆਂ ਵਿੱਚ ਦਲਿਤਾਂ ਖ਼ਿਲਾਫ਼ ਅੱਤਿਆਚਾਰਾਂ ਬਾਰੇ ਚੁੱਪ ਰਹਿਣ ’ਤੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ’ਤੇ ਅੱਜ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ। ਰਾਜਸਥਾਨ, ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਅਨੁਸੂਚਿਤ ਜਾਤੀ (ਐੱਸਸੀ) ਭਾਈਚਾਰਿਆਂ ਦੇ ਲੋਕਾਂ ’ਤੇ ਤਸ਼ੱਦਦ ਦਾ ਹਵਾਲਾ ਦਿੰਦਿਆਂ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ, ‘‘ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਖੁਦ ਨੂੰ ਦਲਿਤ ਅਧਿਕਾਰਾਂ ਦੇ ਝੰਡਾ ਬਰਦਾਰ ਦੱਸਦੇ ਹਨ, ਪਰ ਉਨ੍ਹਾਂ ਨੇ ਰਾਜਸਥਾਨ ਅਤੇ ਹੋਰ ਸੂਬਿਆਂ ਵਿੱਚ ਅਨੁਸੂਚਿਤ ਜਾਤੀਆਂ ’ਤੇ ਤਸ਼ੱਦਦ ਬਾਰੇ ਚੁੱਪ ਕਿਉਂ ਵੱਟ ਹੋਈ ਹੈ?’’ ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਲਖੀਮਪੁਰ ਖੀਰੀ ਘਟਨਾ ਮਗਰੋਂ ਉਤਰ ਪ੍ਰਦੇਸ਼ ਵਿੱਚ ‘ਸਿਆਸੀ ਸੈਰ-ਸਪਾਟੇ’ ਲਈ ਜਾਣ ਵਾਲੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਕਾਂਗਰਸ ਸ਼ਾਸਿਤ ਸੂਬਿਆਂ ਦਾ ਦੌਰਾ ਕਿਉਂ ਨਹੀਂ ਕਰਦੇ ਜਦੋਂਕਿ ਇਨ੍ਹਾਂ ਸੂਬਿਆਂ ਤੋਂ ਦਲਿਤਾਂ ’ਤੇ ਤਸ਼ੱਦਦ ਦੀਆਂ ਰਿਪੋਰਟਾਂ ਹਨ। ਇਸੇ ਤਰ੍ਹਾਂ ਦੀਆਂ ਭਾਵਨਾਵਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਜਨਰਲ ਸਕੱਤਰ ਦੁਸ਼ਯੰਤ ਗੌਤਮ ਨੇ ਦੋਸ਼ ਲਾਇਆ ਕਿ ਏਹੀ ਕਾਂਗਰਸ ਪਾਰਟੀ ਹੈ, ਜਿਸ ਨੇ ਦਲਿਤਾਂ ਦੇ ਮਸੀਹਾ ਬੀਆਰ ਅੰਬੇਦਕਰ ਦਾ ਨਿਰਾਦਰ ਕੀਤਾ ਅਤੇ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਕਦੇ ਵੀ ਸਤਿਕਾਰ ਨਹੀਂ ਦਿੱਤਾ। -ਪੀਟੀਆਈ

Source link

Leave a Reply

Your email address will not be published. Required fields are marked *