ਪੰਜਾਬ ’ਚ ਠੇਕਾ ਬੱਸ ਕਾਮਿਆਂ ਵੱਲੋਂ ਦੋ ਘੰਟੇ ਲਈ ਚੱਕਾ ਜਾਮ, ਨਿੱਤ ਦੀ ਹੜਤਾਲ ਤੋਂ ਲੋਕ ਪ੍ਰੇਸ਼ਾਨ

ਸਰਬਜੀਤ ਸਿੰਘ ਭੰਗੂ

ਪਟਿਆਲਾ, 24 ਸਤੰਬਰ

ਅੱਜ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਸਾਰੇ ਪੰਜਾਬ ਦੇ ਬੱਸ ਸਟੈਂਡ 2 ਘੰਟੇ ਲਈ ਬੰਦ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਪਟਿਆਲਾ ਬੱਸ ਸਟੈਂਡ ਵਿਖੇ ਸੂਬਾ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ,ਡਿਪੂ ਮੀਤ ਪ੍ਰਧਾਨ ਹਰਜਿੰਦਰ ਗੋਰਾ, ਸੈਕਟਰੀ ਜਸਦੀਪ ਸਿੰਘ ਲਾਲੀ, ਚੇਅਰਮੈਨ ਸੁਲਤਾਨ ਸਿੰਘ, ਸੰਦੀਪ ਸਿੰਘ ਢੀਡਸਾ ਬਾਵਾ ਨੇ ਕਿਹਾ ਕਿ ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਪੱਕਾ ਕਰਨ ਵਾਲੀ ਮੰਗ ‘ਤੇ ਸਰਕਾਰ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਮੁਲਾਜ਼ਮਾਂ ਨੂੰ ਸੰਘਰਸ਼ ਦੇ ਰਾਹ ਚੱਲਣਾ ਪੈ ਰਿਹਾ ਹੈ

ਬਠਿੰਡਾ(ਸ਼ਗਨ ਕਟਾਰੀਆ): ਪੀਆਰਟੀਸੀ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ’ਚ ਅੱਜ ਇਥੇ ਦੋ ਘੰਟਿਆਂ ਲਈ ਬੱਸਾਂ ਦਾ ਚੱਕਾ ਜਾਮ ਕਰ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਉਨ੍ਹਾਂ ਕਿਹਾ ਕਿ ਨਿੱਤ ਦੀ ਹੜਤਾਲ ਦਾ ਸਰਕਾਰ ਤੇ ਮੁਲਾਜ਼ਮਾਂ ਨੂੰ ਛੇਤੀ ਹੱਲ ਕੱਢਣਾ ਚਾਹੀਦਾ ਹੈ। ਅੱਜ ਦੀ ਹੜਤਾਲ ਕਾਰਨ ਪ੍ਰਾਈਵੇਟ ਬੱਸ ਅਪਰੇਟਰਾਂ ਨੇ ਚੋਖੀ ਕਮਾਈ ਕੀਤੀ।

ਬਠਿੰਡਾ ’ਚ ਪ੍ਰਦਰਸ਼ਨ ਕਰਦੇ ਹੋਏ ਪੀਆਰਟੀਸੀ ਮੁਲਾਜ਼ਮ।-ਫੋਟੋ: ਪਵਨ ਸ਼ਰਮਾ

ਠੇਕਾ ਕਾਮਿਆਂ ਨੇ ਇਥੇ ਧਰਨਾ ਦੇ ਕੇ ਪੰਜਾਬ ਸਰਕਾਰ ਤੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਰੱਖੀ। ਲੰਮੇ ਅਰਸੇ ਤੋਂ ਪੜਾਅਵਾਰ ਸੰਘਰਸ਼ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਹ ਵੀ ਮੰਗ ਕੀਤੀ ਕਿ ਸਰਕਾਰੀ ਬੱਸਾਂ ਦੇ ਫ਼ਲੀਟ ’ਚ ਇਜ਼ਾਫ਼ਾ ਕੀਤਾ ਜਾਵੇ ਤਾਂ ਜੋ ਸਰਕਾਰੀ ਅਦਾਰਿਆਂ ’ਤੇ ਹਾਵੀ ਹੁੰਦੀ ਜਾ ਰਹੀ ਨਿੱਜੀ ਟਰਾਂਸਪੋਰਟ ਨੂੰ ਨੱਥ ਪੈ ਸਕੇ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਦਾ ਸਫ਼ਰ ਮੁਫ਼ਤ ਕੀਤੇ ਜਾਣ ਕਰਕੇ ਸਰਕਾਰੀ ਬੱਸਾਂ ’ਚ ਭੀੜ ਵਧੀ ਹੈ ਅਤੇ ਨਤੀਜੇ ਵਜੋਂ ਸਵਾਰੀਆਂ ਦੀ ਕੰਡਕਟਰਾਂ ਨਾਲ ਨਾਰਾਜ਼ਗੀ ਦਾ ਮੁੱਢ ਬੱਝਾ ਹੈ। ਅਖੀਰ ’ਚ ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਠੇਕਾ ਕਾਮਿਆਂ ਦੀਆਂ ਸੇਵਾਵਾਂ ਨਿਯਮਤ ਕਰਨ ’ਚ ਬੇਲੋੜੀ ਦੇਰੀ ਕੀਤੀ ਤਾਂ ਠੇਕਾ ਕਾਮੇ ਸਰਕਾਰ ਵਿਰੁੱਧ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ।

ਫਾਜ਼ਿਲਕਾ(ਪਰਮਜੀਤ ਸਿੰਘ): ਫਾਜ਼ਿਲਕਾ ਦੇ ਬੱਸ ਅੱਡੇ ਨੂੰ ਵੀ ਅੱਜ ਦੋ ਘੰਟਿਆਂ ਲਈ ਬੰਦ ਕੀਤਾ ਗਿਆ। ਡਿਪੂ ਪ੍ਰਧਾਨ ਮਨਪ੍ਰੀਤ ਸਿੰਘ ਸਿੰਘ, ਚੇਅਰਮੈਨ ਪ੍ਰਿਤਪਾਲ ਗਿੱਲ, ਸੈਕਟਰੀ ਗੁਰਬਖਸ਼ ਲਾਲ ਨੇ ਕਿਹਾ ਕਿ ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਪੱਕਾ ਕਰਨ ਵਾਲੀ ਮੰਗ ’ਤੇ ਸਰਕਾਰ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਮੁਲਾਜਮਾਂ ਨੂੰ ਸੰਘਰਸ ਦੇ ਰਾਹ ’ਤੇ ਚੱਲਣਾ ਪੈ ਰਿਹਾ ਹੈ।

ਇਸ ਮੌਕੇ ਕੈਸ਼ੀਅਰ ਉਡੀਕ ਚੰਦ, ਮਨਵੀਰ ਸਿੰਘ, ਸਹਾਇਕ ਜਨਰਲ ਸਕੱਤਰ ਹਰਭਜਨ ਸਿੰਘ, ਮੁੱਖ ਸਲਾਹਕਾਰ ਰਵਿੰਦਰ ਸਿੰਘ ਰਿੰਕੂ, ਗੁਰਵਿੰਦਰ ਸਿੰਘ, ਰਵਿੰਦਰ ਸਰਮਾ, ਹਰਜਿੰਦਰ ਸਿੰਘ ਵਰਕਸਾਪ, ਪ੍ਰੈੱਸ ਸਕੱਤਰ ਦਲਜੀਤ ਸਿੰਘ ਤੇ ਨਵਦੀਪ ਸਿੰਘ ਹਾਜ਼ਰ ਸਨ।

Source link

Leave a Reply

Your email address will not be published. Required fields are marked *